ਅਕਸਰ ਹੀ ਇਹ ਕਿਹਾ ਜਾਂਦਾ ਹੈ ਕਿ ਕਿਸਮਤ ਕਦੇ ਵੀ ਬਦਲ ਸਕਦੀ ਹੈ। ਕਦੋਂ ਕੁਝ ਬਦਲ ਜਾਵੇ ਕੋਈ ਨਹੀਂ ਜਾਣਦਾ। ਇਸ ਵਾਰ ਮਾਨਸੂਨ ਨੇ ਇੱਕ ਕਿਸਾਨ ਦੀ ਕਿਸਮਤ ਇਵੇਂ ਹੀ ਬਦਲ ਦਿੱਤੀ ਕਿ ਕਿਸਾਨ ਰਾਤੋ ਰਾਤ ਹੀ ਲੱਖਪਤੀ ਬਣ ਗਿਆ।ਆਂਧਰ ਪ੍ਰਦੇਸ਼ਸ਼ ਦੇ ਕੁਰਨੂਲ ਜ਼ਿਲ੍ਹੇ ਦਾ ਇੱਕ ਕਿਸਾਨ ਹਲ਼ ਵਾਹ ਰਿਹਾ ਸੀ।

ਇਸੇ ਦੌਰਾਨ ਉਸ ਨੂੰ ਜ਼ਮੀਨ ਵਿੱਚ ਕੁਝ ਚਮਕਦੀ ਚੀਜ਼ ਦਿਖਾਈ ਦਿੱਤੀ। ਉਸ ਨੇ ਉਸ ਚੀਜ਼ ਨੂੰ ਚੁੱਕ ਕੇ ਸਾਫ ਕੀਤਾ ਤਾਂ ਕੀਮਤੀ ਜਿਹੀ ਲੱਗੀ। ਕਿਸਾਨ ਨੇ ਉਸ ਨੂੰ ਸੰਭਾਲ ਕੇ ਰੱਖ ਲਿਆ ਅਤੇ ਅਗਲੇ ਦਿਨ ਸ਼ਹਿਰ ਵਿੱਚ ਸੁਨਿਆਰ ਕੋਲ ਲੈ ਕੇ ਗਿਆ।

ਸੁਨਿਆਰ ਨੇ ਉਸ ਚਮਕੀਲੀ ਚੀਜ਼ ਨੂੰ ਦੇਖ ਹੀਰਾ ਦੱਸਿਆ। ਦੋਵਾਂ ਵਿੱਚ ਸੌਦੇਬਾਜ਼ੀ ਹੋਈ ਪਰ ਕਿਸਾਨ ਨੂੰ ਭਾਅ ਘੱਟ ਲੱਗਾ। ਕਿਸਾਨ ਨੇ ਹੀਰਾ ਕਿਸੇ ਵੱਡੇ ਵਪਾਰੀ ਨੂੰ ਦਿਖਾਇਆ। ਉਸ ਨੇ ਹੀਰੇ ਬਦਲੇ ਕਿਸਾਨ ਨੂੰ ਸਾਢੇ 13 ਲੱਖ ਰੁਪਏ ਨਕਦ ਅਤੇ ਪੰਜ ਤੋਲੇ ਸੋਨਾ ਦਿੱਤਾ।

ਕੁਰਨੂਲ ਜ਼ਿਲ੍ਹੇ ਵਿੱਚ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਪਿਛਲੇ ਮਹੀਨੇ ਇੱਕ ਆਜੜੀ ਨੂੰ ਅੱਠ ਕੈਰੇਟ ਦਾ ਹੀਰਾ ਲੱਭਿਆ ਸੀ। ਉਸ ਨੇ ਹੀਰੇ ਨੂੰ 20 ਲੱਖ ਰੁਪਏ ਵਿੱਚ ਵੇਚ ਦਿੱਤਾ ਪਰ ਉਸ ਦੀ ਕੀਮਤ 50 ਲੱਖ ਰੁਪਏ ਤਕ ਸੀ। ਮਾਨਸੂਨ ਰੁੱਤ ਆਉਂਦੇ ਹੀ ਇੱਥ ਲੋਕ ਦੂਰੋਂ-ਦੂਰੋਂ ਹੀਰੇ ਲੱਭਣ ਆਉਂਦੇ ਹਨ। ਦਰਅਸਲ, ਮੀਂਹ ਪੈਣ ਕਾਰਨ ਮਿੱਟੀ ਦੀ ਉੱਪਰੀ ਸਤ੍ਹਾ ਹੱਟ ਜਾਂਦੀ ਹੈ ਅਤੇ ਹੀਰੇ ਸੌਖਿਆਂ ਹੀ ਦਿਖਾਈ ਦੇਣ ਲੱਗਦੇ ਹਨ।