ਸੁਖਬੀਰ ਬਾਦਲ ਸੰਸਦ ਵਿਚ ਪੰਜਾਬ ਦੇ ਕਿਸਾਨਾਂ ਲਈ ਮੁਆਵਜੇ ਦੀ ਮੰਗ ਕੀਤੀ ਹੈ, ਸੁਖਬੀਰ ਬਾਦਲ ਕਿਹਾ ਕਿ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਦੇ ਪਾਰ ਜ਼ਮੀਨ ਮਾਲਕ ਕਿਸਾਨਾਂ ਵਲੋਂ ਪੂਰੀ ਫ਼ਸਲ ਨਾ ਉਗਾ ਸਕਣ ਤੇ ਗੁਆਂਢੀ ਮੁਲਕ ਨਾਲ ਵਿਗੜਦੇ ਸਬੰਧਾਂ ‘ਤੇ ਫ਼ੌਜੀ ਹਰਕਤ ਸਮੇਂ ਬਰਬਾਦ ਹੁੰਦੀਆਂ ਫ਼ਸਲਾਂ ਨਾਲ ਹੁੰਦੇ ਆਰਥਿਕ ਨੁਕਸਾਨ ਕਾਰਨ ਕਰਜ਼ਾਈ ਹੋ ਰਹੇ ਹਨ, ਉਹਨਾਂ ਨੇ ਕਿਸਾਨਾਂ ਲਈ ਮੁਆਵਜੇ ਦੀ ਮੰਗ ਕੀਤੀ ਹੈ ,

ਪੰਜਾਬ ਦੇ 6 ਸਰਹੱਦੀ ਜ਼ਿਲਿ੍ਹਆਂ ਪਠਾਨਕੋਟ, ਗੁਰਦਾਸਪੁਰ, ਸ੍ਰੀ ਅੰਮਿ੍ਤਸਰ ਸਾਹਿਬ, ਤਰਨਤਾਰਨ, ਫ਼ਿਰੋਜ਼ਪੁਰ, ਫ਼ਾਜ਼ਿਲਕਾ ਦੇ ਹਜ਼ਾਰਾਂ ਕਿਸਾਨਾਂ ਦੀ ਕੰਡਿਆਲੀ ਤਾਰੋਂ ਪਾਰ ਹਜ਼ਾਰਾਂ ਏਕੜ ਜ਼ਮੀਨ ਦੇ ਬੰਜਰ ਹੋਣ ਤੇ ਪੂਰੀ ਫ਼ਸਲ ਨਾ ਦੇ ਸਕਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਉਠਾਇਆ |

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸਮੇਂ ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਨੂੰ ਦਿੱਤੇ ਜਾਂਦੇ ਰਹੇ ਢਾਈ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੇ ਬੰਦ ਹੋਣ ‘ਤੇ ਚਿੰਤਾ ਜਤਾਉਂਦੇ ਹੋਏ ਸੁਖਬੀਰ ਵਲੋਂ ਪੀੜਤ ਕਿਸਾਨਾਂ ਨੂੰ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਜਾਂ ਕੇਂਦਰ ਸਰਕਾਰ ਵਲੋਂ ਖ਼ੁਦ ਜ਼ਮੀਨਾਂ ਕਿਸਾਨਾਂ ਤੋਂ ਖ਼ਰੀਦ ਲੈਣ ਦੀ ਦਿੱਤੀ ਸਲਾਹ ਨੇ ਪੀੜਤ ਸਰਹੱਦੀ ਲੋਕਾਂ ਨੂੰ ਕੀਲ ਲਿਆ ਹੈ |

ਸੁਖਬੀਰ ਦੇ ਉਕਤ ਬੋਲਾਂ ਦਾ ਪੁਰਜ਼ੋਰ ਸਵਾਗਤ ਕਰਦਿਆਂ ਕਿਸਾਨ ਆਗੂ ਵਰਿੰਦਰ ਸਿੰਘ ਵੈਰੜ ਨੇ ਕਿਹਾ ਕਿ ਕਾਨੂੰਨੀ ਪਾਬੰਦੀਆਂ ਕਾਰਨ ਉਪਜਾਊ ਜ਼ਮੀਨਾਂ ਹੋਣ ਦੇ ਬਾਵਜੂਦ ਵੀ ਕੰਡਿਆਲੀ ਤਾਰ ਤੋਂ ਪਾਰ ਜ਼ਮੀਨ ‘ਤੇ ਬੰਦੂਕਾਂ ਦੇ ਸਾਏ ਹੇਠ ਕੀਤੀ ਜਾਂਦੀ ਖੇਤੀ ਨੂੰ ਪੂਰਾ ਸਮਾਂ ਨਹੀਂ ਦਿੱਤਾ ਜਾ ਸਕਦਾ ਤੇ ਨਾ ਹੀ ਭਰਪੂਰ ਫ਼ਸਲ ਹੁੰਦੀ ਹੈ, ਜਿਸ ਕਾਰਨ ਕਿਸਾਨ ਦਿਨੋ-ਦਿਨ ਆਰਥਿਕ ਪੱਖੋਂ ਕਮਜ਼ੋਰ ਹੋ ਰਹੇ ਹਨ |