ਪੰਜਾਬ ਦੇ ਕਿਸਾਨਾਂ ਦੇ ਹਿਤ ‘ਚ ਵੱਡੀ ਰਾਹਤ ਵਾਲਾ ਫੈਸਲਾ ਲੈਂਦਿਆਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਫੈਸਲਾ ਕੀਤਾ ਹੈ ਕਿ ਜਿਹੜੇ ਕਾਸ਼ਤਕਾਰ ਖੁਦ ਆਪਣੀ ਜੱਦੀ ਜ਼ਮੀਨ ‘ਚ ਖੇਤੀ ਕਰ ਰਹੇ ਹਨ ਪਰ ਜ਼ਮੀਨ ਉਨ੍ਹਾਂ ਦੇ ਨਾਂ ਨਹੀਂ ਹੈ, ਉਹ ਵੀ ਆਪਣੇ ਮੋਟਰ ਕੁਨੈਕਸ਼ਨ ਦਾ ਲੋਡ ਰੈਗੂਲਰ ਕਰਵਾ ਸਕਣਗੇ।

ਚੀਫ ਇੰਜੀਨੀਅਰ ਕਮਰਸ਼ੀਅਲ ਵੱਲੋਂ ਸੂਬੇ ਦੇ ਸਾਰੇ ਪਾਵਰਕਾਮ ਅਧਿਕਾਰੀਆਂ ਨੂੰ ਭੇਜੀ ਸੂਚਨਾ ‘ਚ ਸਪੱਸ਼ਟ ਕੀਤਾ ਗਿਆ ਕਿ ਕਿਸਾਨ ਖੇਤੀਬਾੜੀ ਸਿਰਫ ਆਪਣੇ ਜੀਵਨ ਨਿਰਵਾਹ ਵਾਸਤੇ ਕਰ ਰਹੇ ਹਨ। ਇਹ ਉਨ੍ਹਾਂ ਦਾ ਬਿਜ਼ਨੈੱਸ ਨਹੀਂ ਹੈ। ਇਸ ਲਈ ਉਨ੍ਹਾਂ ਨੂੰ ਲੋੜੀਂਦੀ ਰਾਹਤ ਦੇਣਾ ਸਾਡੀ ਜ਼ਿੰਮੇਵਾਰੀ ਬਣਦੀ ਹੈ।ਪੱਤਰ ‘ਚ ਇਹ ਵੀ ਕਿਹਾ ਗਿਆ ਕਿ ਕਿਸਾਨ ਯੂਨੀਅਨਾਂ ਨੇ ਪਹਿਲਾਂ ਹੀ ਬੋਰਡ ਨੂੰ ਸੂਚਿਤ ਕੀਤਾ ਹੈ ਕਿ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਜ਼ਿਆਦਾ ਨੀਵਾਂ ਹੋ ਜਾਣ ਕਾਰਨ ਕਿਸਾਨਾਂ ਨੇ ਖੁਦ ਮੋਟਰਾਂ ਦਾ ਲੋਡ ਵਧਾ ਲਿਆ ਹੈ।

ਇਹ ਪਾਵਰਕਾਮ ਕੋਲ ਰੈਗੂਲਰ ਨਹੀਂ ਕਰਵਾਇਆ।ਇਸ ਦਾ ਕਾਰਨ ਇਹ ਵੀ ਹੈ ਕਿ ਜਿਹੜੇ ਕਾਸ਼ਤਕਾਰ ਇਸ ਵੇਲੇ ਆਪਣੀ ਜੱਦੀ-ਪੁਸ਼ਤੀ ਜ਼ਮੀਨ ‘ਤੇ ਖੇਤੀ ਕਰ ਰਹੇ ਹਨ ਪਰ ਜ਼ਮੀਨ ਉਨ੍ਹਾਂ ਦੇ ਨਾਂ ਨਹੀਂ, ਉਹ ਹੁਣ ਖੁਦ ਜਾਂ ਆਪਣੇ ਪ੍ਰਤੀਨਿਧ ਰਾਹੀਂ ਲੋਡ ਰੈਗੂਲਰ ਕਰਵਾ ਸਕਦੇ ਹਨ।

ਪਾਵਰਕਾਮ ਨੇ ਲੋਡ ਰੈਗੂਲਰ ਕਰਵਾਉਣ ਵਾਸਤੇ ਕੁਝ ਨਿਯਮ ਤੈਅ ਕੀਤੇ ਹਨ। ਇਨ੍ਹਾਂ ‘ਚ ਪਹਿਲੀ ਸ਼ਰਤ ਹੈ ਕਿ ਜਿਹੜਾ ਵਿਅਕਤੀ ਜ਼ਮੀਨ ਦੀ ਕਾਸ਼ਤ ਕਰਦਿਆਂ ਮੋਟਰ ਦੀ ਵਰਤੋਂ ਕਰ ਰਿਹਾ ਹੈ, ਸਿਰਫ ਉਹ ਹੀ ਬਣਦੀ ਫੀਸ ਦੀ ਅਦਾਇਗੀ ਨਾਲ ਲੋਡ ਰੈਗੂਲਰ ਕਰਵਾ ਸਕਦਾ ਹੈ।

ਅਜਿਹੇ ਕਾਸ਼ਤਕਾਰ ਨੂੰ ਗ੍ਰਾਮ ਪੰਚਾਇਤ ਤੋਂ ਲਿਖਵਾ ਕੇ ਦੇਣਾ ਪਵੇਗਾ ਕਿ ਅਸਲ ਕਾਸ਼ਤਕਾਰ ਉਹ ਹੀ ਹੈ, ਜਿੱਥੇ ਟਿਊਬਵੈੱਲ ਕੁਨੈਕਸ਼ਨ ਦੀ ਵਰਤੋਂ ਹੋ ਰਹੀ ਹੈ। ਲੋਡ ਰੈਗੂਲਰ ਕਰਵਾਉਣ ਵਾਸਤੇ ਕਿਸਾਨ ਨੂੰ 4750 ਰੁਪਏ ਪ੍ਰਤੀ ਹਾਰਸ ਪਾਵਰ ਫੀਸ ਅਦਾ ਕਰਨੀ ਪਵੇਗੀ। ਜਦੋਂ ਅਜਿਹੇ ਕਾਸ਼ਤਕਾਰ ਲੋੜੀਂਦੀ ਫੀਸ ਭਰ ਕੇ ਆਪਣਾ ਹਲਫੀਆ ਬਿਆਨ ਦੇ ਦੇਣਗੇ ਤਾਂ ਇਨ੍ਹਾਂ ਦੇ ਕੁਨੈਕਸ਼ਨਾਂ ਦਾ ਲੋਡ ਰੈਗੂਲਰ ਕਰਵਾਇਆ ਸਮਝਿਆ ਜਾਵੇਗਾ।