ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੱਲ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦਾ ਪਹਿਲਾ ਬਜਟ ਪੇਸ਼ ਕੀਤਾ। ਕੱਲ੍ਹ ਪੇਸ਼ ਹੋਏ ਬਜਟ ਦੇ ਬਾਅਦ ਅੱਜ ਤੋਂ ਇਸ ਦਾ ਸਾਈਡ ਇਫੈਕਟ ਦਿੱਸਣਾ ਸ਼ੁਰੂ ਹੋ ਗਿਆ ਹੈ। ਪੈਟਰੋਲ ਤੇ ਡੀਜ਼ਲ ‘ਤੇ ਇੱਕ ਰੁਪਏ ਵਾਧੂ ਐਕਸਾਈਜ਼ ਡਿਊਟੀ ਲੱਗਣ ਕਰਕੇ ਇੱਕ ਰੁਪਏ ਰੋਡ ਤੇ ਇਨਫ੍ਰਾਸਟਰੱਕਚਰ ਸੈੱਸ ਲੱਗਣ ਬਾਅਦ ਪੈਟਰੋਲ ਤੇ ਡੀਜ਼ਲ ਮਹਿੰਗੇ ਹੋ ਗਏ ਹਨ।

ਅੱਜ ਸਵੇਰੇ 6 ਵਜੇ ਤੋਂ ਪੈਟਰੋਲ 2.5 ਤੇ ਡੀਜ਼ਲ 2.4 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ। ਆਮ ਲੋਕਾਂ ਦੀ ਜੇਬ੍ਹ ‘ਤੇ ਇਸ ਦਾ ਸਿੱਧਾ ਅਸਰ ਵੇਖਣ ਨੂੰ ਮਿਲ ਰਿਹਾ ਹੈ।ਸ਼ੁੱਕਰਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਪੈਟਰੋਲ 70.51 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ ਵਧ ਕੇ 73.01 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਡੀਜ਼ਲ 64.33 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ ਵਧ ਕੇ 66.73 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।

ਕੱਲ੍ਹ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦਿਆਂ ਪੈਟਰੋਲ ਤੇ ਡੀਜਲ ‘ਤੇ ਇੱਕ ਰੁਪਏ ਐਡੀਸ਼ਨਲ ਐਕਸਾਈਜ਼ ਡਿਊਟੀ ਤੇ ਇੱਕ ਰੁਪਏ ਰੋਡ ਤੇ ਇਨਫ੍ਰਾਸਟਰੱਕਚਰ ਸੈਸ ਲਾਉਣ ਦਾ ਐਲਾਨ ਕੀਤਾ ਸੀ। ਦੱਸ ਦੇਈਏ ਤੇਲ ਕੰਪਨੀਆਂ ਵੱਲੋਂ ਰੋਜ਼ਾਨਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਇਹ ਕੀਮਤਾਂ ਰੋਜ਼ ਸਵੇਰੇ 6 ਵਜੇ ਤੋਂ ਪ੍ਰਭਾਵੀ ਹੁੰਦੀਆਂ ਹਨ।

ਇਸ ਬਜਟ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ (ਬਜਟ) ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ ਅਤੇ ਇਸ ਨਾਲ ਦੇਸ਼ ਖ਼ੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਬਜਟ ਨਾਲ ਨੌਜਵਾਨਾਂ ਨੂੰ ਨਵਾਂ ਕੱਲ੍ਹ ਮਿਲੇਗਾ। ਉਨ੍ਹਾਂ ਕਿਹਾ ਕਿ ਬਜਟ ‘ਚ ਸਿੱਖਿਆ, ਔਰਤਾਂ ਅਤੇ ਗਰੀਬਾਂ ‘ਤੇ ਧਿਆਨ ਦਿੱਤਾ ਗਿਆ ਹੈ। ਇਹ ਬਜਟ ‘ਨਿਊ ਇੰਡੀਆ’ ਦੇ ਵਿਕਾਸ ਦਾ ਬਜਟ ਹੈ।