ਕਾਰਟਾਪ ਹਾਈਡ੍ਰੋਕਲੋਰਾਈਡ ਤੇ ਫਰਟੇਰਾ ਕੀਟਨਾਸ਼ਕ ਬਾਸਮਤੀ ਤੇ ਝੋਨੇ ਦੀਆਂ ਫ਼ਸਲਾਂ ‘ਤੇ ‘ਸਟੈਮਬੋਰਰ’ (ਤਣੇ ਦੇ ਗੜੂੰਏ) ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਇਸਤੇਮਾਲ ਕੀਤੇ ਜਾਂਦੇ ਰਹੇ ਹਨ | ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਇਸ ਕੀੜੇ ਦੇ ਹਮਲੇ ਨੂੰ ਰੋਕਣ ਲਈ ਵਰਤੋਂ ਕਰਨ ਸਬੰਧੀ ਕਹਿੰਦਾ ਰਿਹਾ ਹੈ |

ਆਮ ਕਿਸਾਨ ਇਨ੍ਹਾਂ ਕੀਟਨਾਸ਼ਕਾਂ ਨੂੰ ਵਿਸ਼ਾਲ ਪੱਧਰ ‘ਤੇ ਵਰਤਦੇ ਹਨ ਪਰ ਹੁਣ ਪੰਜਾਬ ਖੇਤੀ ਯੂਨੀਵਰਸਿਟੀ ਨੇ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਝੋਨੇ ‘ਤੇ ਕਰਨ ਸਬੰਧੀ ਆਪਣੀ ਸਿਫ਼ਾਰਿਸ਼ ਵਾਪਸ ਲੈ ਲਈ ਹੈ, ਜਦੋਂ ਕਿ ਬਾਸਮਤੀ ‘ਤੇ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਦੀ ਸਿਫ਼ਾਰਿਸ਼ ਬਾਦਸਤੂਰ ਕੀਤੀ ਜਾ ਰਹੀ ਹੈ |

ਇਨ੍ਹਾਂ ਕੀਟਨਾਸ਼ਕਾਂ ਨੇ ਕੇਂਦਰੀ ਕੀਟਨਾਸ਼ਕ ਬੋਰਡ ਦੁਆਰਾ ਵੀ ਮਾਨਤਾ ਪ੍ਰਾਪਤ ਕੀਤੀ ਹੋਈ ਹੈ | ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਇਨ੍ਹਾਂ ਦਵਾਈਆਂ ਨੂੰ ਯੋਗ ਤੌਰ ‘ਤੇ (ਫ਼ਜ਼ੂਲ, ਬੇਲੋੜਾ ਨਹੀਂ) ਵਰਤਣ ਲਈ ਕਿਸਾਨਾਂ ਨੂੰ ਉਦੋਂ ਸਿਫ਼ਾਰਿਸ਼ ਕਰਦਾ ਹੈ ਜਦੋਂ 5 ਪ੍ਰਤੀਸ਼ਤ ਗੋਭਾਂ ਇਸ ਸੁੰਡੀ ਦੇ ਹਮਲੇ ਕਾਰਨ ਸੁੱਕੀਆਂ ਦਿਖਾਈ ਦੇਣ |

ਕਿਸਾਨ ਪੀ.ਏ.ਯੂ. ਵਲੋਂ ਅਚਨਚੇਤ ਆਪਣੀ ਸਿਫ਼ਾਰਿਸ਼ ਵਾਪਸ ਲੈਣ ‘ਤੇ ਪ੍ਰੇਸ਼ਾਨ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਬਾਸਮਤੀ ਤਾਂ ਸਗੋਂ ਸੰਵੇਦਨਸ਼ੀਲ ਫ਼ਸਲ ਹੈ ਜਿਸ ਲਈ ਕੇਂਦਰ ਤੇ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਕਈ ਹੋਰ ਕੀਟਨਾਸ਼ਕ ਵਰਤਣ ਤੋਂ ਵੀ ਰੋਕਿਆ ਗਿਆ ਹੈ ਕਿਉਂਕਿ ਬਾਸਮਤੀ ਬਰਾਮਦ ਹੁੰਦੀ ਹੈ

ਜਿੱਥੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕਈ ਵਾਰ ਵਿਦੇਸ਼ਾਂ ‘ਚ ਡਲਿਵਰੀ ਲੈਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ, ਕਿਉਂਕਿ ਇਸ ‘ਚ ਜ਼ਹਿਰਾਂ ਦਾ ਅੰਸ਼ ਪ੍ਰਮਾਣਿਤ ਸੀਮਾ ਤੋਂ ਵੱਧ ਪਾਇਆ ਜਾਂਦਾ ਹੈ | ਕੀਟਨਾਸ਼ਕ ਉਦਯੋਗ ਨੇ ਖੇਤੀਬਾੜੀ ਵਿਭਾਗ ਤੇ ਪੀ.ਏ.ਯੂ. ਨੂੰ ਰੋਸ ਪ੍ਰਗਟ ਕੀਤਾ ਹੈ ਕਿ ਪੀ.ਏ.ਯੂ. ਨੇ ਅਚਨਚੇਤ ਹੀ ਝੋਨੇ ‘ਤੇ ਇਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਦੀ ਸਿਫ਼ਾਰਿਸ਼ ਵਾਪਸ ਕਿਉਂ ਲੈ ਲਈ?