ਸੂਬੇ ‘ਚ ਮਾਨਸੂਨ ਦਸਤਕ ਦੇ ਚੁੱਕਾ ਹੈ। ਤਕਰੀਬਨ 5 ਦਿਨ ਦੇਰੀ ਨਾਲ ਪਹੁੰਚੇ ਮਾਨਸੂਨ ਨੇ ਬੀਤੇ ਦਿਨੀਂ ਅੰਮ੍ਰਿਤਸਰ ‘ਚ ਦਸਤਕ ਦੇ ਦਿੱਤੀ ਹੈ। ਇਸ ਬਾਰਿਸ਼ ਨਾਲ ਜਿੱਥੇ ਫਸਲਾਂ ਨੂੰ ਪਾਣੀ ਮਿਲਿਆ, ਉਥੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਵੀ ਮਿਲੀ ਹੈ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ‘ਚ ਵੀ ਬੱਦਲ ਛਾਏ ਰਹੇ। ਬਾਰਸ਼ ਨਾਲ ਮੌਸਮ ਬਹੁਤ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲੀ।

ਦੱਸ ਦੇਈਏ ਕਿ ਅਗਲੇ ਚਾਰ ਦਿਨਾਂ ਤੱਕ ਭਾਵ 10 ਜੁਲਾਈ ਤੱਕ ਤੇਜ਼ ਮੀਂਹ ਅਤੇ ਹਨ੍ਹੇਰੀ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਲੁਧਿਆਣਾ ‘ਚ ਬੀਤੇ ਦਿਨੀਂ ਰਾਤ ਦੇ ਤਾਪਮਾਨ ‘ਚ ਥੋੜੀ ਗਿਰਾਵਟ ਆਈ ਪਰ ਵਿੱਚ-ਵਿੱਚ ਚਿਪਚਿਪਾਹਟ ਵਾਲੀ ਗਰਮੀ ਵੀ ਸਤਾਉਂਦੀ ਰਹੀ। ਅੰਮ੍ਰਿਤਸਰ ‘ਚ ਬੀਤੇ ਦਿਨੀਂ 48.5 mm ਬਾਰਸ਼ ਹੋਈ।

ਇਸ ਤੋਂ ਬਾਅਦ ਸੂਬੇ ਦੇ ਤਾਪਮਾਨ ਵਿੱਚ 5 ਡਿਗਰੀ ਤਕ ਗਿਰਾਵਟ ਆ ਗਈ। ਅੰਮ੍ਰਿਤਸਰ ਵਿੱਚ ਵੀਰਵਾਰ ਰਾਤ ਨੂੰ ਬਾਰਸ਼ ਤੇ ਹਨ੍ਹੇਰੀ ਨਾਲ ਕਈ ਥਾਈਂ ਰੁੱਖ ਤੇ ਬਿਜਲੀ ਦੇ ਖੰਭੇ ਪੁੱਟੇ ਗਏ। ਕਈ ਇਲਾਕਿਆਂ ਵਿੱਚ 12 ਘੰਟੇ ਤੋਂ ਜ਼ਿਆਦਾ ਬਿਜਲੀ ਗੁੱਲ ਰਹੀ।

ਮੌਸਮ ਵਿਭਾਗ ਮੁਤਾਬਕ ਦੱਖਣ-ਪੱਛਮ ਮਾਨਸੂਨ ਯੂਪੀ, ਹਿਮਾਚਲ, ਉੱਤਰਾਖੰਡ ਤੇ ਜੰਮੂ ਤੇ ਕਸ਼ਮੀਰ ਦੇ ਕੁਝ ਹਿੱਸਿਆਂ ਨਾਲ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਹੋਰ ਅੱਗੇ ਵਧ ਰਿਹਾ ਹੈ। ਹਿਮਾਚਲ ਵਿੱਚ ਅੱਜ ਤੋਂ 10 ਜੁਲਾਈ ਤਕ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜੇਕਰ ਗੱਲ ਕਰੀਏ ਕਪੂਰਥਲਾ ਦੀ ਤਾਂ ਇੱਥੇ ਵੀ ਹਲਕੀ ਬਾਰਸ਼ ਹੋਈ।