ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਨੇ ਭਾਵੇਂ ਝੋਨੇ ਦੀ ਫਸਲ ਦੇ ਫੁਟਾਰੇ ਲਈ ਵਿਕ ਰਹੀ ਕੀਟਨਾਸ਼ਕ ‘ਫਰਟੇਰਾ’ ਦੀ ਸਿਫਾਰਿਸ਼ ਤੋਂ ਆਪਣੇ ਹੱਥ ਪਿੱਛੇ ਖਿੱਚ ਲਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੀਟਨਾਸ਼ਕ ਪੇਂਡੂ ਖੇਤੀ ਸਹਿਕਾਰੀ ਸਭਾਵਾਂ ਰਹਿਣ ਧੜਾਧੜ ਕਿਸਾਨਾਂ ਨੂੰ ਵੇਚੀ ਜਾ ਰਹੀ ਹੈ।

ਇੱਥੇ ਇਹ ਦੱਸਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਇਸ ਕੰਪਨੀ ਦੇ ਅਧਿਕਾਰੀਆਂ ਨੇ ਪਿਛਲੇ ਦਿਨੀਂ ਖੇਤੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਨੂੰ ਚੋਗਾ ਪਾਉਣ ਦੇ ਮਨੋਰਥ ਨਾਲ ਉਨ੍ਹਾਂ ਦੇ ਮਾਨ ਵਿੱਚ ਰਾਮਪੁਰਾ ਫੂਲ ਦੇ ਇੱਕ ਵੱਡੇ ਹੋਟਲ ਵਿੱਚ ਰਾਤਰੀ ਭੋਜ ਦਾ ਪ੍ਰਬੰਧ ਵੀ ਕੀਤਾ ਸੀ, ਜਿਸ ਵਿੱਚ ਸ਼ਰਾਬ ਤੇ ਕਬਾਬ ਖੁਲ੍ਹੇ ਰੂਪ ਵਿੱਚ ਪਰੋਸੇ ਗਏ ਸਨ।

ਇਸ ਪਾਰਟੀ ਦੀ ਸਹਿਕਾਰੀ ਵਿਭਾਗ ਦੇ ਹਲਕਿਆਂ ਵਿੱਚ ਕਾਫੀ ਚਰਚਾ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਕਿਸਨੂੰ ਹਿੱਤਾਂ ਨੂੰ ਮੁਖ ਰੱਖਦਿਆਂ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ

ਪਿਛਲੇ ਕੁਝ ਦਿਨਾਂ ਤੋਂ ਇਸ ਮਾਮਲੇ ਵਿੱਚ ਆਪਣੀ ਸਥਿਤੀ ਸਪਸ਼ਟ ਕਰਦਿਆਂ ਲਿਖਿਆ ਹੈ ਕਿ ‘ਫਰਟੇਰਾ’ ਦੀ ਵਿਭਾਗ ਵਲੋਂ ਅਤੇ ਪੀਏਯੂ ਲੁਧਿਆਣਾ ਵੱਲੋ ਇਨ੍ਹਾਂ ਕੀਟਨਾਸ਼ਕਾਂ ਦੀ ਸਿਫਾਰਿਸ਼ ਫੁਟਾਰੇ ਲਈ ਨਹੀਂ ਸਗੋਂ ਝੋਨੇ ਦੀ ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਕੀਤੀ ਗਈ ਹੈ।

ਦੋਵੇਂ ਵਿਭਾਗਾਂ ਨੇ ਕਿਸਾਨਾਂ ਦੀ ਜਾਣਕਾਰੀ ਲਈ ਦੱਸਿਆ ਹੈ ਕਿ ਜਿਥੇ ਅਜਿਹੇ ਬੇਲੋੜੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਫਸਲ ਦਾ ਲਾਗਤ ਖਰਚਾ ਵਧਦਾ ਹੈ ਉਥੇ ਹੀ ਵਾਤਾਵਰਨ ਅਤੇ ਜਮੀਨ ਦਾ ਕੁਦਰਤੀ ਰੂਪ ਵੀ ਪ੍ਰਭਾਵਿਤ ਹੁੰਦਾ ਹੈ।