ਪੰਜਾਬ ਵਿੱਚ ਮੀਂਹ ਨਾ ਪੈਣ ਕਰਕੇ ਕਿਸਾਨਾਂ ਨੂੰ ਝੋਨੇ ਵਿੱਚ ਪਾਣੀ ਖੜ੍ਹਾਉਣਾ ਮੁਸ਼ਕਿਲ ਹੋਇਆ ਪਿਆ ਹੈ। ਅੱਤ ਦੀ ਗਰਮੀ ਵਿੱਚ ਮੋਟਰਾਂ ਲਈ ਦਿੱਤੀ ਜਾਂਦੀ ਬਿਜਲੀ ਸਪਲਾਈ ਵੀ ਕੁਝ ਨਹੀਂ ਕਰ ਰਹੀ,

ਹੁਣ ਮੀਂਹ ਨਾ ਪੈਣ ਕਾਰਨ ਸਾਉਣੀ ਦੀਆਂ ਫ਼ਸਲਾਂ ਨੂੰ ਕਾਇਮ ਰੱਖਣ ਲਈ ਟਿਊਬਵੈੱਲ ਚਲਾਏ ਜਾਣ ਲੱਗੇ ਹਨ।  ਜਿਸ ਕਰਕੇ ਕਿਸਾਨਾਂ ਨੂੰ ਟਿਊਬਵੈੱਲਾਂ ’ਤੇ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨੇ ਨੂੰ ਪਾਣੀ ਲਾਉਣਾ ਪੈ ਰਿਹਾ ਹੈ।

ਪਿੰਡ ਤਿਉਣਾ ਦੇ ਕਿਸਾਨ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਅੱਠ ਏਕੜ ਝੋਨੇ ਲਈ ਰਕਬਾ ਹੈ। ਮੀਂਹ ਨਾ ਪੈਣ ਕਾਰਨ ਝੋਨੇ ’ਚ ਪਾਣੀ ਖੜ੍ਹਾਉਣਾ ਮੁਸ਼ਕਿਲ ਹੋਇਆ ਪਿਆ ਹੈ। ਕਈ ਥਾਵਾਂ ’ਤੇ ਜਨਰੇਟਰਾਂ ਨਾਲ ਟਿਊਬਵੈੱਲ ਚਲਾਏ ਜਾ ਰਹੇ ਹਨ।

ਪਾਵਰ ਕਾਰਪੋਰੇਸ਼ਨ ਵੱਲੋਂ ਅੱਠ ਘੰਟੇ ਸਪਲਾਈ ਦੇਣ ਦੇ ਬਾਵਜੂਦ ਕਿਸਾਨਾਂ ਦਾ ਘਰ ਪੂਰਾ ਨਹੀਂ ਹੋ ਰਿਹਾ ਤੇ ਝੋਨੇ ਦੇ ਖੇਤਾਂ ਵਿੱਚ ਪਾਣੀ ਖੜ੍ਹਾਉਣਾ ਮੁਸ਼ਕਲ ਹੋ ਗਿਆ ਹੈ। ਝੋਨੇ ਦੀ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਲਈ ਮਹਿੰਗੇ ਭਾਅ ਦਾ ਡੀਜ਼ਲ ਬਾਲਣਾ ਮਜਬੂਰੀ ਬਣ ਗਈ ਹੈ।

ਉਨ੍ਹਾਂ ਦੱਸਿਆ ਕਿ ਮੀਂਹ ਨਾ ਪੈਣ ਕਾਰਨ ਝੋਨੇ ’ਚ ਪਾਣੀ ਨਹੀਂ ਖੜ੍ਹ ਰਿਹਾ ਜਿਸ ਕਾਰਨ ਹਰ ਰੋਜ਼ ਪਾਣੀ ਲਾਉਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਪੂਰਾ ਨਾ ਆਉਣ ਕਾਰਨ ਝੋਨੇ ਦੇ ਖੇਤਾਂ ’ਚ ਤਰੇੜਾਂ ਪੈ ਗਈਆਂ ਹਨ ਤੇ ਕੱਖ ਵੀ ਪੁੰਗਰ ਆਏ ਹਨ। ਜੇ ਕੁਝ ਦਿਨਾਂ ਵਿੱਚ ਮੀਂਹ ਨਾ ਪਿਆ ਤਾਂ ਕਿਸਾਨਾਂ ਦਾ ਦਿਵਾਲਾ ਨਿੱਕਲ ਜਾਵੇਗਾ।