ਪੰਜਾਬ ਦੇ 35 ਲੱਖ ਹੈਕਟੇਅਰ ਦੇ ਕਰੀਬ ਖੇਤੀਯੋਗ ਰਕਬੇ ‘ਚੋਂ ਲਗਪਗ 27 ਲੱਖ ਹੈਕਟੇਅਰ ਰਕਬੇ ਵਿਚ ਝੋਨਾ ਲਾਇਆ ਜਾਂਦਾ ਹੈ, ਜਿਸ ਕਾਰਨ ਪੰਜਾਬ ‘ਚ ਧਰਤੀ ਹੇਠਲਾ ਪਾਣੀ ਲਗਾਤਾਰ ਹੇਠਾਂ ਜਾ ਰਿਹਾ ਹੈ ਤੇ ਸੂਬੇ ਦੇ ਜ਼ਿਆਦਾਤਰ ਬਲਾਕ ਡਾਰਕ ਜ਼ੋਨ ਵਿਚ ਆ ਗਏ ਹਨ |

ਧਰਤੀ ਹੇਠਲੇ ਪਾਣੀ ਦੀ ਹੋਈ ਗੰਭੀਰ ਸਥਿਤੀ ਨੂੰ ਲੈ ਕੇ ਚਿੰਤਤ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਉਤਸ਼ਾਹਿਤ ਕਰਨ ਲੱਗਾ ਹੋਇਆ ਹੈ ਕਿ ਝੋਨੇ ਹੇਠੋਂ ਰਕਬੇ ਨੂੰ ਕੱਢ ਕੇ ਹੋਰ ਫ਼ਸਲਾਂ ਹੇਠ ਲਿਆਂਦਾ ਜਾਵੇ |

ਇਸ ਵਾਰ ਖੇਤੀਬਾੜੀ ਅਫ਼ਸਰ  ਨੇ ਦੱਸਿਆ ਹੈ ਕਿ ਜ਼ਿਲ੍ਹਾ ਸੰਗਰੂਰ ਜਿਸ ਦੇ ਸਾਰੇ ਬਲਾਕ ਡਾਰਕ ਜ਼ੋਨ ‘ਚ ਹਨ ਦੇ ਖੇਤੀਬਾੜੀ ਰਕਬੇ ‘ਚੋਂ 2000 ਹੈਕਟੇਅਰ ਭਾਵ 5000 ਏਕੜ ਰਕਬੇ ‘ਚ ਮੱਕੀ ਬਿਜਾਉਣ ਦਾ ਟੀਚਾ ਰੱਖਿਆ ਗਿਆ ਹੈ |

ਉਨ੍ਹਾਂ ਦੱਸਿਆ ਕਿ 2000 ਹੈਕਟੇਅਰ ਰਕਬੇ ਵਿਚੋਂ 1600 ਹੈਕਟਰ ਰਕਬੇ ਨੂੰ ਅਜਿਹੀ ਸਕੀਮ ‘ਚ ਰੱਖਿਆ ਗਿਆ ਹੈ ਜਿਸ ਅਧੀਨ 1 ਹੈਕਟੇਅਰ ਰਕਬੇ ‘ਚ ਮੱਕੀ ਬੀਜਣ ਵਾਲੇ ਕਿਸਾਨ ਦੇ ਬੈਂਕ ਖਾਤੇ ‘ਚ 23500 ਰੁਪਏ ਦੀ ਉਤਸ਼ਾਹਿਤ ਰਾਸ਼ੀ ਜਮ੍ਹਾ ਹੋਵੇਗੀ | ਜ਼ਿਲ੍ਹੇ ਨੂੰ ਅਲਾਟ 2000 ਹੈਕਟੇਅਰ ਰਕਬੇ ‘ਚੋਂ ਬਾਕੀ ਰਕਬੇ ਨੂੰ ਕਲੱਸਟਰ ਪ੍ਰਦਰਸ਼ਨੀ ਤੇ ਡਰਿੱਪ ਸਿੰਚਾਈ ਸਕੀਮ ਅਧੀਨ ਰੱਖਿਆ ਗਿਆ ਹੈ |

ਡਾ: ਕੁਮਾਰ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਦੇ ਕਿਸਾਨ 1470 ਹੈਕਟੇਅਰ ਰਕਬੇ ਵਿਚ ਮੱਕੀ ਦੀ ਬਿਜਾਈ ਕਰਨ ਲਈ ਸਹਿਮਤੀ ਦੇ ਚੁੱਕੇ ਹਨ | ਉਨ੍ਹਾਂ ਹੋਰ ਦੱਸਿਆ ਕਿ ਕਿਸਾਨਾਂ ਨੂੰ ਬੀਜ ਖ਼ਰੀਦਣ ਲਈ ਵੀ 90 ਰੁਪਏ ਪ੍ਰਤੀ ਕਿੱਲੋ ਸਬਸਿਡੀ ਦਿੱਤੀ ਜਾਵੇਗੀ | ਪੰਜਾਬ ਦੇ ਪਾਣੀਆਂ ਬਾਰੇ ਚਿੰਤਤ ਡਾ: ਏ.ਐਸ. ਮਾਨ ਨੇ ਖੇਤੀਬਾੜੀ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ |

ਇਸ ਸਬੰਧੀ ਕਿਸਾਨਾ ਨੇ ਕਿਹਾ ਕਿ  ਜਦੋਂ ਜਿਣਸ ਮੰਡੀ ‘ਚ ਵੇਚਣ ਦੀ ਗੱਲ ਆਉਂਦੀ ਹੈ ਤਾਂ ਉੱਥੇ ਸਰਕਾਰ ਵਲੋਂ ਨਿਰਧਾਰਿਤ ਸਮਰਥਨ ਮੁੱਖ 1800 ਰੁਪਏ ਪ੍ਰਤੀ ਕੁਇੰਟਲ ਖ਼ਰੀਦਣ ਵਾਲਾ ਕੋਈ ਨਹੀਂ ਹੁੰਦਾ ਤਾਂ ਕਿਸਾਨ ਨੂੰ ਮਜਬੂਰਨ ਮੱਕੀ ਨੂੰ 900 ਤੋਂ 1000 ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਹੋਣਾ ਪੈਂਦਾ ਹੈ | ਪੰਜਾਬ ਤੇ ਇਸ ਦੇ ਪਾਣੀ ਨੂੰ ਬਚਾਉਣਾ ਚਾਹੁੰਦਾ ਹੈ ਪਰ ਸਰਕਾਰ ਬਦਲਵੀਂਆਂ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਿਕ ਤੈਅ ਕਰੇ | ਕਿਸਾਨ ਝੋਨੇ ਦੀ ਫ਼ਸਲ ਛੱਡਣ ਲਈ ਤਿਆਰ ਹਨ |