ਪੰਜਾਬ ‘ਚ ਝੋਨੇ ਦੀ ਲਵਾਈ ਸਿਖ਼ਰਾਂ ‘ਤੇ ਹੈ | ਇਸ ਦੌਰਾਨ ਝੋਨੇ ‘ਚ ਖਾਦ, ਨਦੀਨਨਾਸ਼ਕ ਤੇ ਕੀਟਨਾਸ਼ਕ ਆਦਿ ਪਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਵਲੋਂ ਸਿਫ਼ਾਰਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਕੁਝ ਕਿਸਾਨ ਪਿਛਲੇ ਦੋ ਸਾਲਾਂ ਤੋਂ ਯੂਰੀਆ ਝੋਨਾ ਲਾਉਣ ਤੋਂ ਪਹਿਲਾਂ ਖ਼ਾਲੀ ਖੇਤਾਂ ‘ਚ ਮਾਹਰਾਂ ਦੀਆਂ ਸਿਫ਼ਾਰਿਸ਼ਾਂ ਦੇ ਉਲਟ ਪਾ ਰਹੇ ਹਨ |

ਇਸ ਸਾਲ ਇਹ ਰੁਝਾਨ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈ | ਕਿਸਾਨ ਖ਼ਾਲੀ ਖੇਤਾਂ ‘ਚ ਇਕ ਜਾਂ ਦੋ ਗੱਟੇ ਯੂਰੀਆ ਪਾ ਰਹੇ ਹਨ |  ਕਿਸਾਨਾਂ ਦਾ ਕਹਿਣਾ ਹੈ ਜਿਨ੍ਹਾਂ ਕਿਸਾਨਾਂ ਨੇ ਪਿਛਲੇ ਸਾਲ ਝੋਨੇ ਤੋਂ ਪਹਿਲਾਂ ਯੂਰੀਆ ਪਾਇਆ ਸੀ ਉਨ੍ਹਾਂ ਦੀ ਫ਼ਸਲ ਬਿਨਾਂ ਮੁਰਝਾਏ ਚੱਲ ਪਈ ਤੇ ਜੜਾਂ ਦਾ ਵਾਧਾ ਤੇਜ਼ੀ ਨਾਲ ਹੋਇਆ ਹੈ | ਇਸ ਵਾਰ ਦੇਖੋ ਦੇਖੀ ਜ਼ਿਆਦਾਤਰ ਕਿਸਾਨ ਇਹ ਤਜ਼ਰਬਾ ਅਪਣਾ ਰਹੇ ਹਨ |

ਖੇਤੀਬਾੜੀ ਯੂਨੀਵਰਸਿਟੀ ਤੇ ਖੇਤੀਬਾੜੀ ਵਿਭਾਗ ਭਾਵੇਂ ਬੇਲੋੜੀਆਂ ਖਾਦਾਂ ਪਾਉਣ ਤੋਂ ਰੋਕਣ ਲਈ ਲਗਾਤਾਰ ਇਸ਼ਤਿਹਾਰਬਾਜ਼ੀ ਕਰ ਰਿਹਾ ਹੈ ਪਰ ਕਿਸਾਨ ਆਪੋ-ਆਪਣੇ ਤਜ਼ਰਬੇ ਕਰ ਰਹੇ ਹਨ | ਮਾਲਵਾ ਖੇਤਰ ‘ਚ ਇਹ ਰੁਝਾਨ ਹਰ ਸਾਲ ਵੱਧ ਰਿਹਾ ਹੈ ਪਰ ਪ੍ਰਚਾਰ ਦੇ ਇੰਨੇ ਸਾਧਨ ਹੋਣ ਦੇ ਬਾਵਜੂਦ ਖੇਤੀ ਮਾਹਰ ਕਿਸਾਨਾਂ ਤੱਕ ਆਪਣੀ ਗੱਲ ਕਾਰਗਰ ਤਰੀਕੇ ਨਾਲ ਨਹੀਂ ਪਹੁੰਚਾ ਸਕੇ |

ਡਾ. ਜਗਤਾਰ ਸਿੰਘ ਬਰਾੜ ਜੁਆਇੰਟ ਡਾਇਰੈਕਟਰ (ਖਾਦਾਂ) ਦਾ ਕਹਿਣਾ ਹੈ ਕਿ ਝੋਨੇ ਦੀ ਲਵਾਈ ਤੋਂ ਪਹਿਲਾਂ ਯੂਰੀਆ ਪਾਉਣ ਦਾ ਰੁਝਾਨ ਬਿਲਕੁਲ ਗ਼ਲਤ ਹੈ | ਅਸੀਂ ਇਸ ਦੀ ਸਿਫ਼ਾਰਿਸ਼ ਨਹੀਂ ਕਰਦੇ | ਇਸ ਨਾਲ ਕਿਸਾਨ ਪੈਸੇ ਦੀ ਬਰਬਾਦੀ ਤੇ ਧਰਤੀ ਦੀ ਸਿਹਤ ਖ਼ਰਾਬ ਕਰ ਰਹੇ ਹਨ |