ਪਿਛਲੇ ਕੁਝ ਦਿਨਾਂ ਤੋਂ ਮੈਂ ਵੱਖੋ ਵੱਖ ਵਟਸਐਪ ਸਮੂਹਾਂ ਤੇ ਕਿਸਾਨਾਂ ਦੇ ਆਏ ਸੁਨੇਹਿਆਂ ਨੂੰ ਪੜ ਕੇ ਹੈਰਾਨ ਹਾਂ ਕਿ ਉਹ ਪਨੀਰੀ ਪੈਦਾ ਕਰਨ ਜਾਂ ਝੋਨੇ ਦੀ ਫਸਲ ਦਾ ਜਲਦੀ ਵਾਧਾ ਕਰਨ ਤੇ ਹੀ ਵਾਧੂ ਖਰਚਾ ਕਿਵੇਂ ਕਰੀ ਜਾਂਦੇ ਹਨ।ਟਰਾਈਕੋਂਟਰਜ਼ੋਲ,ਜ਼ਿੰਕ,ਫੈਰਿਸ ਸਲਫੇਟ,ਰਿਡੋਮਿਲ,ਮੋਨੋਕਰੋਟੋਫਾਸ,ਐਨ ਪੀ ਕੇ, ਜ਼ਿਰਮ, ਫੋਰੇਟ, ਯੂਰੀਆ+ਫੋਰੇਟ ,ਪਦਾਨ,ਜ਼ਿਬਰੈਲਿਕ ਐਸਿਡ, ਆਦਿ ਪਤਾ ਨਹੀਂ ਕੀ ਕੁਝ ਦੁਕਾਨਦਾਰਾਂ ਜਾਂ ਆਢੀਆਂ ਗੁਆਂਢੀਆਂ ਦੇ ਕਹੇ ਤੇ ਵਰਤ ਰਹੇ ਹਨ, ਕਾਰਨ ਇਕੋ ਕਿ ਝੋਨੇ ਦੀ ਪਨੀਰੀ ਜਲਦੀ ਤੋਂ ਜਲਦੀ ਵੱਡੀ ਹੋ ਜਾਵੇ ਤਾਂ ਜੋ ਖੇਤ ਵਿੱਚ ਲਾਈ ਜਾ ਸਕੇ।

ਦੋਸਤੋ ਜੇਕਰ ਅਸੀਂ ਕਿਸੇ ਬੱਚੇ ਨੂੰ ਵਧੇਰੇ ਘਿਉ,ਮੱਖਣ,ਪਨੀਰੀ ਜਾਂ ਹੋਰ ਤਾਕਤਾਂ ਵਾਲੀਆਂ ਚੀਜਾਂ ਜ਼ਰੂਰਤ ਤੋਂ ਜ਼ਿਆਦਾ ਦਿਆਂਗੇ ਤਾਂ ਬੱਚੇ ਦੀ ਸਿਹਤ ਬਨਣ ਦੀ ਬਿਜਾਏ ਖਰਾਬ ਹੀ ਹੋਵੇਗੀ ਜਾਂ ਕਿਸੇ ਮਰੀਜ਼ ਨੂੰ ਡਾਕਟਰ ਤੋਂ ਪੁੱਛੇ ਬਗੈਰ ਆਪਣੇ ਟੋਟਕਿਆਂ ਜਾਂ ਨੀਮ ਹਕੀਮ ਦੇ ਕਹੇ ਤੇ ਦਵਾਈ ਦਿਆਂਗੇ ਤਾਂ ਫਾਇਦੇ ਦੀ ਬਿਜਾਏ ਨੁਕਸਾਨ ਵੀ ਹੋ ਸਕਦਾ ਹੈ,ਇਸੇ ਤਰਾਂ ਜੇਕਰ ਝੋਨੇ ਜਾਂ ਬਾਸਮਤੀ ਦੀ ਪਨੀਰੀ ਦੇ ਜਲਦੀ ਵਾਧੇ ਜਾਂ ਕੀੜੇ ਮਕੌੜਿਆਂ ਦੀ ਰੋਕਥਾਮ ਲਈ ਗੈਰ ਸਿਫਾਰਸ਼ੀ ਅਤੇ ਗੈਰ ਜ਼ਰੂਰੀ ਚੀਜਾਂ ਦੀ ਵਰਤੋਂ ਕਰਾਂਗੇ ਤਾਂ ਫਾਇਦੇ ਦੀ ਬਿਜਾਏ ਨੁਕਸਾਨ ਹੀ ਹੋਵੇਗਾ।

ਦਾਣੇਦਾਰ ਕੀਟਨਾਸ਼ਕ ਪਦਾਨ ਆਦਿ ਦਾ ਅਸਰ ਸਿਰਫ 15 ਦਿਨ ਹੀ ਰਹਿੰਦਾ ਹੈ।ਝੋਨੇ ਦੀ ਫਸਲ ਦਾ ਰੰਗ ਕਾਲਾ ਕਰਨ ਲਈ ਵੀ ਇਨਾਂ ਜ਼ਹਿਰਾਂ ਜਾਂ ਖਾਦਾਂ ਦੀ ਵਰਤੋਂ ਨਾਂ ਕਰੋ ਕਿਉਂ ਕਿ ਵਧੇਰੇ ਗੂੜੇ ਹਰੇ ਰੰਗ ਵਾਲੀ ਫਸਲ ਉੱਪਰ ਕੀੇ ਅਤੇ ਬਿਮਾਰੀਆਂ ਵਧੇਰੇ ਹਮਲਾ ਕਰਦੇ ਹਨ ਅਤੇ ਫਸਲ ਡਿੱਗਦੀ ਵੀ ਜਲਦੀ ਹੈ।

ਸੋ ਜੇਕਰ ਬਾਸਮਤੀ ਦੀ ਫਸਲ ਵਿੱਚ ਜ਼ਰੂਰਤ ਹੋਵੇ ਤਾਂ ਜ਼ਰੂਰ ਇਸਤੇਮਾਲ ਕਰੋ ਪਰ ਲੋੜ ਵੇਲੇ ਅਤੇ ਖੇਤੀਬਾੜੀ ਮਾਹਿਰ ਦੀ ਸਲਾਹ ਤੇ ਹੀ।ਪੱਤਾ ਲਪੇਟ ਸੁੰਡੀ ਦਾ ਆਮ ਕਰਕੇ ਹਮਲਾ ਅਗਸਤ ਤੋਂ ਅਕਤੂਬਰ ਦਰਮਿਆਨ ਹੁੰਦਾ ਹੈ,ਜੇਕਰ ਭਾਰੀ ਬਰਸਾਤ ਹੋ ਜਾਵੇ ਤਾਂ ਪੱਤਾ ਲਪੇਟ ਸੁੰਡੀ ਦਾ ਖਾਤਮਾ ਆਪਣੇ ਆਪ ਹੋ ਜਾਂਦਾ ਹੈ।

ਫਿਰ ਵੀ ਜੇਕਰ ਜ਼ਰੂਰਤ ਪਵੇ ਤਾਂ ਹਰੀ ਤਿਕੋਣ ਵਾਲੀ 20 ਮਿ.ਲਿ. ਫੇਮ ਪ੍ਰਤੀ ਏਕੜ ਦਾ ਛਿੜਕਾੳ ਕੀਤਾ ਜਾ ਸਕਦਾ ਹੈ ਜੋ ਗੋਭ ਦੀ ਸੁੰਡੀ ਦੀ ਵੀ ਰੋਕਥਾਮ ਕਰ ਦਿੰਦੀ ਹੈ। ਸੋ ਕਿਸੇ ਦੇ ਕਹਿਣ ਤੇ ਦਾਣੇਦਾਰ ਜਾਂ ਕੋਈ ਹੋਰ ਕੀਟਨਾਸ਼ਕ ਦਾ ਬਿਨਾਂ ਜ਼ਰੂਰਤ ਤੋਂ ਇਸਤੇਮਾਲ ਨਾਂ ਕਰੋ।ਝੋਨੇ ਵਿਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਕੀੜਿਆ ਅਤੇ ਬਿਮਾਰੀਆਂ ਦਾ ਹਮਲਾ ਹੂੰਦਾ ਹੈ, ਸੋ ਝੋਨੇ ਨੂੰ ਦੂਜਾ ਜਾਂ ਅਗਲਾ ਪਾਣੀ ਉਦੋਂ ਦਿਉ ਜਦੋਂ ਪਹਿਲੇ ਪਾਣੀ ਨੂੰ ਜ਼ਮੀਨ ਵਿਚ ਜੀਰੇ ਨੂੰ 2-3 ਦਿਨ ਹੋ ਗਏ ਹੋਣ ,ਇੱਕ ਗੱਲ ਦਾ ਖਿਆਲ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾਂ ਪਾਟਣ।

ਝੋਨੇ ਦੀ ਲਵਾਈ ਤੋਂ ਬਾਅਦ ਅਕਸਰ ਦੇਖਿਆ ਗਿਆ ਹੈ ਕਿ ਨਿੱਜੀ ਕੀਟਨਾਸ਼ਕ ਜ਼ਹਿਰਾਂ ਵੇਚਣ ਵਾਲੇ ਅਦਾਰਿਆਂ ਦੇ ਨੁਮਾਇੰਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਪਹੁੰਚ ਕਰਕੇ ਦਾਣੇਦਾਰ ਕੀਟਨਾਸ਼ਕ ਦਵਾਈਆ ਵੇਚਣ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੰਦੇ ਹਨ ।ਉਹ ਕਿਸਾਨ ਨੂੰ ਸਬਜਬਾਗ ਦਿਖਾੳਂਦੇ ਹਨ ਕਿ ਦਾਣੇਦਾਰ ਕੀਟਨਾਸ਼ਕ ਰਸਾਇਣ ਨਾਲ ਪੱਤਾ ਲਪੇਟ ਸੁੰਡੀ ਅਤੇ ਤਣਾ ਛੇਦਕ ਸੁੰਡੀ ਫਸਲ ਨੂੰ ਨਹੀਂ ਲੱਗੇਗੀ ਅਤੇ ਪੌਦਾ ਵਧੇਰੇ ਫੁਟਾਰਾ ਕਰੇਗਾ

ਤੁਹਾਨੂੰ ਇਹ ਤਾਂ ਪਤਾ ਹੀ ਹੈ ਕਿ ਖੇਤੀਬਾੜੀ ਵਿੱਚ ਫਸਲਾਂ ਦੀ ਕਾਸਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਜੇਕਰ ਕਿਸੇ ਦੀ ਗਲਤ ਸਲਾਹ ਨਾਲ ਕਿਸੇ ਗਲਤ ਕੀਟਨਾਸ਼ਕ ਦਾ ਛਿੜਕਾਅ ਫਸਲ ਤੇ ਹੋ ਗਿਆ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ।ਸੋ ਮੇਰੀ ਬੇਨਤੀ ਹੈ ਕਿ ਆਪਸ ਵਿੱਚ ਜਾਂ ਦੁਕਾਨਦਾਰਾਂ ਦੇ ਕਹੇ ਤੇ ਦਵਾਈਆਂ ਵਰਤਣ ਦੀ ਬਿਜਾਏ ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਹੀ ਸਮੱਸਿਆਂ ਦਾ ਹੱਲ ਕੱਢਿਆ ਜਾਵੇ ਤਾਂ ਬੇਹਤਰ ਰਹੇਗਾ।

ਅੱਜ ਹਰੇਕ ਕਿਸਾਨ ਕੋਲ ਕਿਸੇ ਨਾਂ ਕਿਸੇ ਖੇਤੀ ਮਾਹਿਰ ਦਾ ਮੋਬਾਇਲ ਨੰ. ਹੋਵੇਗਾ ਜੇਕਰ ਨਹੀਂ ਹੈ ਤਾਂ ਟੋਲ ਫਰੀ ਨੰ 1800180 1551 ਤੇ ਕਾਲ ਕਰਕੇ ਸਲਾਹ ਲਈ ਜਾ ਸਕਦੀ ਹੈ।