ਪੰਜਾਬ ਦੀ ਕਾਂਗਰਸ ਸਰਕਾਰ ਨੇ ਚੋਣਾ ਸਮੇਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੇ ਕਰਜ ਮਾਫ ਕੀਤਾ ਜਾਵੇਗਾ ਜਿਸ ਦੇ ਅਨੁਸਾਰ ਕੈਪਟਨ ਨੇ ਢਾਈ ਏਕੜ ਵਾਲਿਆਂ ਦਾ ਜਾਂ ਇਸ ਤੋਂ ਵੱਧ ਪੰਜ ਏਕੜ ਵਾਲਿਆਂ ਦਾ ਕਰਜ਼ਾ ਮਾਫ਼ ਕੀਤਾ ਜੋ ਕਿ ਸ਼ਲਾਘਾਯੋਗ ਕਦਮ ਹੈ, ਪਰ ਇਕ ਢਾਈ ਏਕੜ ਵਾਲੇ ਦਾ ਕਰਜ਼ਾ ਮਾਫ਼ ਹੋ ਗਿਆ ਤੇ ਦੂਜੇ ਢਾਈ ਏਕੜ ਵਾਲੇ ਦਾ ਕਿਉਂ ਨਹੀਂ ?

ਇਕ ਪ੍ਰਵਾਰ ਵਿਚ ਦੋ-ਦੋ ਜਾਂ ਤਿੰਨ-ਤਿੰਨ ਵਿਅਕਤੀਆਂ ਦੇ ਕਰਜ਼ੇ ਮਾਫ਼ ਹੋ ਗਏ ਹਨ।ਦੂਜੇ ਪਾਸੇ ਢਾਈ ਏਕੜ ਵਾਲੇ ਅਜਿਹੇ ਕਿਸਾਨ ਵੀ ਹਨ ਜਿਨ੍ਹਾਂ ਦਾ ਕਰਜ਼ਾ ਬਿਲਕੁਲ ਵੀ ਮਾਫ਼ ਨਹੀਂ ਹੋਇਆ।ਇਹ ਵਿਚਾਰੇ ਹਰ ਰੋਜ਼ ਉਡੀਕ ਉਡੀਕ ਕੇ ਪੁਛਦੇ ਹਨ ਕਿ ਕੀ ਸਾਡਾ ਵੀ ਕਰਜ਼ਾ ਮਾਫ਼ ਹੋਵੇਗਾ?

ਕੈਪਟਨ ਦੀ ਕਰਜ਼ਾ ਮਾਫ਼ੀ ਸਕੀਮ ਵਿਚ ਕਈ ਵੱਡੇ ਕਿਸਾਨਾਂ ਦੇ ਕਰਜ ਮਾਫ਼ ਹੋਏ ਹਨ ਅਤੇ ਕਈ ਗਰੀਬ ਕਿਸਾਨ ਵੀ ਇਸ ਸਕੀਮ ਤੋਂ ਵਾਂਝੇ ਰਹਿ ਗਏ ਹਨ, ਕਰਜ਼ਾ ਮਾਫ਼ੀ ਦੀ ਉਡੀਕ ਵਿਚ ਕਿਸਾਨ ਬੈਂਕਾਂ ਦੇ ਡੀਫ਼ਾਲਟਰ ਹੋ ਗਏ ਹਨ। ਲੋੜੋਂ ਵੱਧ ਉਨ੍ਹਾਂ ਨੂੰ ਵਿਆਜ ਭਰਨਾ ਪੈ ਗਿਆ ਹੈ।ਮੰਨੋ ਭਾਵੇਂ ਨਾ ਮੰਨੋ ਇਹ ਪੰਜਾਬ ਸਰਕਾਰ ਦੀ ਵੱਡੀ ਅਣਗਹਿਲੀ ਹੈ। ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਵੀ ਹੈ ਪਰ ਸਰਕਾਰ ਨੂੰ ਕਰੈਡਿਟ ਨਹੀਂ ਮਿਲ ਰਿਹਾ।

ਪੰਜਾਬ ਸਰਕਾਰ ਨੂੰ ਸੂਚੀਆਂ ਜਾਰੀ ਕਰਨੀਆਂ ਚਾਹੀਦੀਆਂ ਹਨ ਕਿ ਅਸੀ ਪੰਜਾਬ ਦੇ ਇਨ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਹੈ ਤੇ ਇਨ੍ਹਾਂ ਢਾਈ ਏਕੜ ਵਾਲਿਆਂ ਦਾ ਨਹੀਂ ਕੀਤਾ ਜਾਂ ਸਰਕਾਰ ਐਲਾਨ ਕਰੇ ਕਿ ਅਸੀ ਪੰਜਾਬ ਦੇ ਸਾਰੇ ਢਾਈ ਏਕਡ ਵਾਲੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਚੁਕੇ ਹਾਂ।

ਭੁਪਿੰਦਰ ਸਿੰਘ ਬਾਠ