ਮੌਨਸੂਨ ਦੇ ਪਛੜਨ ਕਾਰਨ ਕਿਸਾਨਾਂ ਵੱਲੋਂ ਲਾਇਆ ਅਗੇਤਾ ਝੋਨਾ ਪਾਣੀ ਤੱਤਾ ਹੋਣ ਕਾਰਨ ਹੁਣ ਮੱਚਣ ਲੱਗ ਪਿਆ ਹੈ। ਮਾਲਵਾ ਪੱਟੀ ਦੇ ਅਨੇਕਾਂ ਕਿਸਾਨਾਂ ਨੇ ਕਿਸਾਨ ਜਥੇਬੰਦੀਆਂ ਦੀ ਹੱਲਾਸ਼ੇਰੀ ਨਾਲ ਲਾਏ ਜਾ ਰਹੇ ਝੋਨੇ ਦੀ ਰਫ਼ਤਾਰ ਘਟਾ ਦਿੱਤੀ ਹੈ ਤੇ ਹੁਣ ਸੈਂਕੜੇ ਕਿਸਾਨ ਝੋਨਾ ਹੋਰ ਲੇਟ ਲਾਉਣ ਬਾਰੇ ਸੋਚ ਰਹੇ ਹਨ।

ਕਿਸਾਨਾਂ ਨੇ ਜਥੇਬੰਦੀ ਦੀ ਸ਼ਹਿ ’ਤੇ ਪਹਿਲੀ ਜੂਨ ਤੋਂ ਝੋਨਾ ਲਾ ਕੇ ਪੰਜਾਬ ਸਰਕਾਰ ਨੂੰ ਵੰਗਾਰਿਆ ਸੀ ਪਰ ਮੌਸਮ ਵੱਲੋਂ ਸਾਥ ਨਾ ਦੇਣ ਕਾਰਨ ਸਰਕਾਰੀ ਬਗ਼ਾਵਤ ਵਜੋਂ ਲੱਗ ਰਹੇ ਝੋਨੇ ਦੀ ਰਫ਼ਤਾਰ ਹੁਣ ਢਿੱਲੀ ਪੈ ਗਈ ਹੈ। ਖੇਤੀ ਮਾਹਿਰਾਂ ਨੇ ਕਿਹਾ ਕਿ ਪ੍ਰੀ-ਮੌਨਸੂਨ ਦੀ ਗ਼ੈਰਹਾਜ਼ਰੀ ਵਿਚ ਇਸ ਤੋਂ ਪਹਿਲਾਂ ਜਿਹੜੇ ਕਿਸਾਨਾਂ ਨੇ ਝੋਨਾ ਲਾਇਆ ਹੈ,

ਉਹ ਵੀ ਪਾਣੀ ਤੱਤਾ ਹੋਣ ਕਾਰਨ ਮਚਣ ਲੱਗ ਪਿਆ ਹੈ, ਜਿਸ ਕਰਕੇ ਅੱਧ ਜੂਨ ਤੋਂ ਝੋਨਾ ਲਾਉਣ ਦੀ ਸਿਫਾਰਸ਼ ਕੀਤੀ ਗਈ ਸੀ। ਮੌਨਸੂਨ ਵਿਚ ਲਗਾਤਾਰ ਹੋ ਰਹੀ ਦੇਰੀ ਨੂੰ ਵੇਖਦਿਆਂ ਖੇਤੀਬਾੜੀ ਵਿਭਾਗ ਤੇ ਲੁਧਿਆਣਾ ਦੇ ਵਿਗਿਆਨੀਆਂ ਨੇ ਮੰਨਿਆ ਹੈ ਕਿ ਮੌਜੂਦਾ ਸਥਿਤੀ ਵਿਚ 13 ਜੂਨ ਤੋਂ ਬਾਅਦ ਵੀ ਝੋਨੇ ਦਾ ਲੱਗਣ ਸਾਰ ਤੁਰਨਾ ਔਖਾ ਹੋ ਗਿਆ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਸੈਂਕੜੇ ਅਜਿਹੇ ਕਿਸਾਨ ਹਨ, ਜੋ ਹੁਣ ਹੋਰ ਦੇਰੀ ਨਾਲ ਝੋਨਾ ਲਾਉਣ ਬਾਰੇ ਸੋਚਣ ਲੱਗੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਡੀਜ਼ਲ ਆਸਰੇ ਝੋਨਾ ਪਾਲਣ ਤੋਂ ਹੱਥ ਖੜ੍ਹੇ ਕਰ ਰਹੇ ਹਨ, ਜਦੋਂਕਿ ਸਰਕਾਰ ਵੱਲੋਂ ਨਾ ਨਹਿਰਾਂ ਵਿਚ ਪਾਣੀ ਛੱਡਿਆ ਗਿਆ ਹੈ ਅਤੇ ਨਾ ਹੀ 16 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ।

ਕਿਸਾਨਾਂ ਵੱਲੋਂ ਡੀਜ਼ਲ ਆਸਰੇ ਲਾਇਆ ਜਾ ਰਿਹਾ ਝੋਨਾ ਹਰਾ ਨਹੀਂ ਹੋ ਰਿਹਾ, ਸਗੋਂ ਸੁੱਕ ਕੇ ਡੱਕਰੇ ਬਣਿਆ ਖੜ੍ਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਅਸਮਾਨ ਤੋਂ ਨਿਰਮਲ ਪਾਣੀ ਦੀਆਂ ਚਾਰ ਕਣੀਆਂ ਹੀ ਡਿੱਗ ਪੈਣ ਤਾਂ ਇਹ ਝੋਨਾ ਦਿਨਾਂ ਵਿਚ ਹੀ ਹਰਿਆਵਲ ਦਿਖਾਉਣ ਲੱਗ ਪਵੇਗਾ।

ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤ ਖੇਤਰੀ ਕੇਂਦਰ ਦੇ ਸਹਾਇਕ ਮੌਸਮ ਵਿਗਿਆਨੀ ਨੇ ਕਿਹਾ ਕਿ ਆਉਣ ਵਾਲੇ 24 ਤੋਂ 36 ਘੰਟਿਆਂ ਤਕ ਆਮ ਤੌਰ ’ਤੇ ਮੌਸਮ ਖ਼ੁਸ਼ਕ ਹੀ ਰਹੇਗਾ, ਜਦੋਂਕਿ ਉਸ ਤੋਂ ਬਾਅਦ ਤਿੰਨ-ਚਾਰ ਦਿਨਾਂ ਤਕ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ।