ਚੋਣਾਂ ਖ਼ਤਮ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਵੱਡੇ ਮੰਤਰੀਆਂ ਦੇ ਮੰਤਰਾਲੇ ਬਦਲ ਦਿੱਤੇ ਸਨ। ਦੱਸ ਦੇਈਏ ਕਿ ਪਿਛਲੇ ਕੁਝ ਸਮੇ ਤੋਂ ਪੰਜਾਬ ਕਾਂਗਰਸ ਵਿਚਕਾਰ ਕੁਝ ਸਹੀ ਨਹੀਂ ਚੱਲ ਰਿਹਾ, ਕੈਬਿਨੇਟ ਮੰਤਰੀ ਓ.ਪੀ ਸੋਨੀ ਅਤੇ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੋਂ ਨਰਾਜ਼ ਚੱਲ ਰਹੇ ਹਨ।

ਹੁਣ ਅਨੁਮਾਨ ਲਗਾਏ ਜਾ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਨੂੰ ਖੁਸ਼ ਕਰਨ ਲਈ ਵੱਡੇ ਅਹੁਦੇ ਵੰਡ ਸਕਦੇ ਹਨ। ਆਪਣੇ ਮੰਤਰੀਆਂ ਦੇ ਵਿਭਾਗਾਂ ਦੀ ਰੱਦੋ ਬਦਲ ਕਰਨ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਸਿਆਸੀ ਨਿਯੁਕਤੀਆਂ ਭਾਵ ਚੇਅਰਮੈਨੀਆਂ ਵੰਡਣ ਦਾ ਸਮਾਂ ਆ ਗਿਆ ਹੈ।

ਆਪਣੇ ਮੰਤਰੀ ਰੁਸਾਉਣ ਮਗਰੋਂ ਹੁਣ ਕੈਪਟਨ ਕੁਝ ਬਾਗ਼ੀ ਵਿਧਾਇਕਾਂ ਤੇ ਹੋਰਨਾਂ ਲੀਡਰਾਂ ਨੂੰ ਬੋਰਡ, ਕਾਰਪੋਰੇਸ਼ਨ, ਇੰਪਰੂਵਮੈਂਟ ਟਰੱਸਟ ਤੇ ਪੰਚਾਇਤੀ ਰਾਜ ਅਦਾਰਿਆਂ ਵਿੱਚ ਐਡਜਸਟ ਕਰਨਗੇ। ਇਹ ਸਭ ਆਉਂਦੇ ਦਿਨਾਂ ਵਿੱਚ ਸੰਭਵ ਹੈ।

ਇਨ੍ਹਾਂ ਨਿਯੁਕਤੀਆਂ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਹਰੀ ਝੰਡੀ ਪਹਿਲਾਂ ਹੀ ਦੇ ਦਿੱਤੀ ਹੈ ਪਰ ਚੋਣਾਂ ਕਰਕੇ ਇਨ੍ਹਾਂ ਨਿਯੁਕਤੀਆਂ ਵਿੱਚ ਦੇਰੀ ਹੋਈ ਹੈ। ਹੁਣ ਵੋਟਾਂ ਪੈਣ ਮਗਰੋਂ ਵਿਧਾਇਕ ਤੇ ਲੀਡਰ ਝਾਕ ਕਰ ਰਹੇ ਹਨ ਕਿ ਉਨ੍ਹਾਂ ਦੀ ਝੋਲੀ ਕੁਝ ਪਾਇਆ ਜਾਵੇ, ਕਿਉਂਕਿ ਸਰਕਾਰ ਆਪਣਾ ਦੋ ਸਾਲ ਤੋਂ ਵੱਧ ਦਾ ਕਾਰਜਕਾਲ ਪੂਰਾ ਕਰ ਚੁੱਕੀ ਹੈ।