ਪੰਜਾਬ ਵਿੱਚ ਮੌਨਸੂਨ ਜੁਲਾਈ ਦੇ ਪਹਿਲੇ ਹਫਤੇ ਪਹੁੰਚੇਗੀ ਪਰ ਗਰਮੀ ਤੋਂ ਰਾਹਤ ਅਗਲੇ ਹਫਤੇ ਮਿਲ ਸਕਦੀ ਹੈ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਸਣੇ ਉੱਤਰੀ ਭਾਰਤ ਵਿੱਚ ਪ੍ਰੀ-ਮੌਨਸੂਨ ਬਾਰਸ਼ ਅਗਲੇ ਹਫਤੇ ਹੋ ਸਕਦੀ ਹੈ। ਉਂਝ ਮੌਨਸੂਨ ਦੀਆਂ ਛਹਿਬਰਾਂ ਲਈ ਜੁਲਾਈ ਦੇ ਪਹਿਲੇ ਹਫਤੇ ਤੱਕ ਉਡੀਕਣਾ ਪਏਗਾ।

ਰਿਪੋਰਟ ਮੁਤਾਬਕ ਹਫ਼ਤੇ ਦੀ ਦੇਰੀ ਨਾਲ ਸ਼ਨੀਵਾਰ ਨੂੰ ਮੌਨਸੂਨ ਨੇ ਕੇਰਲ ’ਚ ਦਸਤਕ ਦੇ ਦਿੱਤੀ ਹੈ। ਇਸ ਨਾਲ ਦੇਸ਼ ਵਿੱਚ ਬਾਰਸ਼ ਦੀ ਚਾਰ ਮਹੀਨਿਆਂ ਦੀ ਰੁੱਤ ਸ਼ੁਰੂ ਹੋ ਗਈ ਹੈ। ਮੌਸਮ ਵਿਭਾਗ ਦੇ ਡਾਇਰੈਕਟਰ ਨੇ ਕਿਹਾ ਕਿ ਸ਼ਨੀਵਾਰ ਨੂੰ ਮੌਨਸੂਨ ਕੇਰਲ ਪਹੁੰਚ ਗਿਆ ਹੈ। ਕੇਰਲ ਦੇ ਬਹੁਤਿਆਂ ਹਿੱਸਿਆਂ ’ਚ ਭਰਵਾਂ ਮੀਂਹ ਪਿਆ ਹੈ।

ਉਨ੍ਹਾਂ ਕਿਹਾ ਕਿ ਇਹ ਖ਼ਬਰ ਦੇਸ਼ ਲਈ ਵੱਡੀ ਖੁਸ਼ੀ ਦੇਣ ਵਾਲੀ ਹੈ ਕਿਉਂਕਿ ਦੇਸ਼ ਦੇ ਬਹੁਤਿਆਂ ਹਿੱਸਿਆਂ ’ਚ ਖੇਤੀ ਖਰਾਬ ਹੋ ਰਹੀ ਹੈ ਤੇ ਪੱਛਮੀ ਤੇ ਦੱਖਣੀ ਭਾਰਤ ’ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਗਿਆ ਹੈ। ਖੇਤੀ ਲਈ ਸਹੂਲਤਾਂ ਦੀ ਘਾਟ ਕਾਰਨ ਭਾਰਤ ਦੀ ਪੇਂਡੂ ਵਸੋਂ ਦਾ ਵੱਡਾ ਹਿੱਸਾ ਬਰਸਾਤ ’ਤੇ ਹੀ ਨਿਰਭਰ ਕਰਦਾ ਹੈ।

ਮੌਸਮ ਵਿਭਾਗ ਨੇ ਉੱਤਰੀ ਖੇਤਰਾਂ ’ਚ ਜੂਨ ਦੇ ਅਖੀਰ ਜਾਂ ਜੁਲਾਈ ਦੇ ਪਹਿਲੇ ਹਫ਼ਤੇ ’ਚ ਮੌਨਸੂਨ ਦੇ ਪਹੁੰਚਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਮੌਨਸੂਨ ਪਹਿਲਾਂ ਦੀ ਭਵਿੱਖਬਾਣੀ ਤੋਂ ਦੋ-ਤਿੰਨ ਦਿਨ ਦੇਰੀ ਨਾਲ 29 ਜੂਨ ਨੂੰ ਪਹੁੰਚ ਸਕਦਾ ਹੈ।

ਹਾਲਾਂਕਿ ਪ੍ਰਾਈਵੇਟ ਖੇਤਰ ਦੀ ਏਜੰਸੀ ਸਕਾਈਮੈਟ ਨੇ ਇਸ ’ਚ ਇੱਕ ਹਫ਼ਤੇ ਦੀ ਦੇਰੀ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੌਸਮ ਵਿਭਾਗ ਨੇ ਦਿੱਲੀ ਤੇ ਉੱਤਰ ਪੱਛਮੀ ਇਲਾਕਿਆਂ ਸਮੇਤ ਤਕਰੀਬਨ ਪੂਰੇ ਦੇਸ਼ ’ਚ ਮੌਨਸੂਨ ਆਮ ਵਰਗੀ ਰਹਿਣ ਦੀ ਸੰਭਾਵਨਾ ਜਤਾਈ ਹੈ।