ਬਾਸਮਤੀ ਲਾਉਣ ਵਾਲੇ ਕਿਸਾਨਾਂ ਵਾਸਤੇ ਬੁਰੀ ਖ਼ਬਰ ਸਾਹਮਣੇ ਆਈ ਹੈ, ਇਸ ਵਾਰ ਬਾਸਮਤੀ ਕੀਮਤਾਂ ਡਿੱਗਣ ਦਾ ਖ਼ਦਸ਼ਾ ਹੈ ਕਿਉਂਕਿ ਈਰਾਨ ਨਾਲ ਸੌਦੇ ਠੰਡੇ ਬਸਤੇ ‘ਚ ਪੈਣ ਕਾਰਨ ਸਪਲਾਈ ਪ੍ਰਭਾਵਿਤ ਹੋ ਗਈ ਹੈ। ਈਰਾਨ ‘ਤੇ ਲੱਗੀ ਅਮਰੀਕੀ ਪਾਬੰਦੀ ‘ਚ ਭਾਰਤ ਨੂੰ ਮਿਲੀ ਛੋਟ ਹਾਲ ਹੀ ‘ਚ ਸਮਾਪਤ ਹੋਣ ਨਾਲ ਬਰਾਮਦਕਾਰ ਚਿੰਤਾ ‘ਚ ਪੈ ਗਏ ਹਨ।

ਭਾਰਤੀ ਬਾਸਮਤੀ ਤੇ ਸੋਇਆਬੀਨ ਬਰਾਮਦਕਾਰਾਂ ਨੇ ਸਰਕਾਰ ਕੋਲ ਗੁਹਾਰ ਲਾਈ ਹੈ ਕਿ ਈਰਾਨ ਨਾਲ ਭੁਗਤਾਨ ਪ੍ਰਣਾਲੀ ਨੂੰ ਲੈ ਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਕਿਉਂਕਿ ਸਪੱਸ਼ਟਤਾ ਦੀ ਕਮੀ ਕਾਰਨ ਵੱਡੇ ਸੌਦੇ ਨਹੀਂ ਹੋ ਰਹੇ ਹਨ।

ਈਰਾਨ ਹਾਲ ਹੀ ਦੇ ਸਾਲਾਂ ‘ਚ ਭਾਰਤੀ ਬਾਸਮਤੀ ਦਾ ਸਭ ਤੋਂ ਵੱਡਾ ਖਰੀਦਦਾਰ ਰਿਹਾ ਹੈ। ਭਾਰਤ ਤੋਂ ਬਰਾਮਦ ਹੋਣ ਵਾਲੀ ਕੁੱਲ ਬਾਸਮਤੀ ਦਾ 30 ਫੀਸਦੀ ਤੋਂ ਵੱਧ ਹਿੱਸਾ ਹੁਣ ਤਕ ਇਕੱਲੇ ਈਰਾਨ ਖਰੀਦ ਰਿਹਾ ਸੀ। ਜਨਵਰੀ 2019 ਤਕ ਦੇ ਪਿਛਲੇ 10 ਮਹੀਨਿਆਂ ‘ਚ ਈਰਾਨ ਨੇ 10.80 ਲੱਖ ਟਨ ਬਾਸਮਤੀ ਖਰੀਦੀ ਸੀ। ਇਸੇ ਤਰ੍ਹਾਂ 15 ਲੱਖ ਟਨ ਸੋਇਆਬੀਨ ਦਾ ਤਕਰੀਬਨ ਇਕ ਚੌਥਾਈ ਹਿੱਸਾ ਈਰਾਨ ਜਾ ਰਿਹਾ ਸੀ।

ਬਾਸਮਤੀ ਕੀਮਤਾਂ ‘ਤੇ ਸੰਕਟ

ਭਾਰਤੀ ਬਰਾਮਦਕਾਰ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਈਰਾਨ ਨਾਲ ਬਰਾਮਦ ਨੂੰ ਲੈ ਕੇ ਹੁਣ ਕੀ ਹੋਵੇਗਾ ਕਿਉਂਕਿ ਅਮਰੀਕੀ ਪਾਬੰਦੀ ਕਾਰਨ ਡਾਲਰ ‘ਚ ਲੈਣ-ਦੇਣ ਨਹੀਂ ਹੋ ਸਕਦਾ ਤੇ ਭਾਰਤ ਸਰਕਾਰ ਨੇ ਈਰਾਨ ਨਾਲ ਭੁਗਤਾਨ ਪ੍ਰਣਾਲੀ ਨੂੰ ਲੈ ਕੇ ਹੁਣ ਤਕ ਰੁਖ਼ ਸਪੱਸ਼ਟ ਨਹੀਂ ਕੀਤਾ ਹੈ। ਬਰਾਮਦਕਾਰਾਂ ਨੂੰ ਪੇਮੈਂਟ ਫਸਣ ਦਾ ਡਰ ਹੈ, ਜਿਸ ਕਾਰਨ 100-200 ਕੰਟੇਨਰਾਂ ‘ਚ ਜਾਣ ਵਾਲਾ ਮਾਲ ਹੁਣ ਸਿਰਫ 10-20 ਕੰਟੇਨਰਾਂ ਤਕ ਸਿਮਟ ਚੁੱਕਾ ਹੈ।

ਹੁਣ ਸਪਲਾਈਕਰਤਾ ਤਦ ਹੀ ਮਾਲ ਭੇਜ ਰਹੇ ਹਨ ਜਦੋਂ ਉਨ੍ਹਾਂ ਨੂੰ ਉਸ ਦੀ ਪੇਮੈਂਟ ਪਹਿਲਾਂ ਮਿਲਦੀ ਹੈ। ਇਸ ਵਿਚਕਾਰ ਬਾਸਮਤੀ (1121 ਕਿਸਮ) ਦੀ ਕੀਮਤ 77 ਰੁਪਏ ਕਿਲੋ ਤਕ ਆ ਗਈ ਹੈ, ਜੋ ਮਈ ‘ਚ 82 ਰੁਪਏ ਕਿਲੋ ਤਕ ਪੁੱਜ ਗਈ ਸੀ। ਬਰਾਮਦਕਾਰਾਂ ਨੂੰ ਹੁਣ ਈਰਾਨ ਨਾਲ ਭੁਗਤਾਨ ਤੇ ਵਪਾਰ ਸੰਬੰਧੀ ਪ੍ਰਣਾਲੀ ਨੂੰ ਲੈ ਕੇ ਦਿਸ਼ਾ-ਨਿਰਦੇਸ਼ਾਂ ਦਾ ਇੰਤਜ਼ਾਰ ਹੈ।