ਪੂਰੇ ਭਾਰਤ ‘ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਦੇ ਕਹਿਰ ਨੂੰ ਦੇਖਦੇ ਹੋਏ ਰਾਜਸਥਾਨ ਅਤੇ ਹੋਰ ਕਈ ਸੂਬਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਹੈ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ ਅਤੇ ਮੱਧ ਪ੍ਰਦੇਸ਼ ‘ਚ ਵੀ ਗਰਮੀ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਇਸਦਾ ਅਸਰ ਸਾਡੇ ਵਾਤਾਵਰਨ ‘ਤੇ ਪੈ ਰਿਹਾ ਹੈ ਤੇ ਜਲ ਸੰਕਟ ਵੀ ਵਧਦਾ ਜਾ ਰਿਹਾ ਹੈ।

ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਵੀ ਕੁਝ ਠੀਕ ਨਹੀਂ ਹੈ। ਆਉਣ ਵਾਲੇ 22 ਸਾਲਾਂ ‘ਚ ਪੰਜਾਬ ਦਾ ਧਰਤੀ ਹੇਠਲਾ ਪਾਣੀ ਬਿਲਕੁਲ ਖ਼ਤਮ ਹੋ ਜਾਵੇਗਾ। ਹੁਣੇ ਤੋਂ ਪਾਣੀ ਸੰਭਾਲਣ ਦੇ ਕੋਈ ਗੰਭੀਰ ਜਤਨ ਨਾ ਕੀਤੇ ਗਏ, ਤਾਂ ਸਾਲ 2041 ਤੱਕ ਪੰਜਾਬ ਸੂਬਾ ਇੱਕ ਰੇਗਿਸਤਾਨ ਵਿੱਚ ਵੀ ਤਬਦੀਲ ਹੋ ਸਕਦਾ ਹੈ।

ਇਹ ਚੇਤਾਵਨੀ ਵੱਖੋ–ਵੱਖਰੀਆਂ ਰਾਸ਼ਟਰੀ ਤੇ ਸੂਬਾ ਪੱਧਰੀ ਏਜੰਸੀਆਂ ਨੇ ਦਿੱਤੀ ਹੈ। ਮੀਡਿਆ ਰਿਪੋਰਟਾਂ ਮੁਤਾਬਕ ਪੰਜਾਬ 79% ਇਲਾਕਿਆਂ ‘ਚ ਜ਼ਮੀਨੀ ਪਾਣੀ ਵਰਤੋਂ ਜ਼ਰੂਰਤ ਤੋਂ ਵੱਧ ਕੀਤੀ ਜਾ ਰਹੀ ਰਹੀ ਹੈ। ਜਿਸ ਕਰਕੇ ਇਸਦਾ ਪੱਧਰ ਹਰ ਸਾਲ 1.67 ਫੁੱਟ ਹੋਰ ਹੇਠਾਂ ਚਲਾ ਜਾਂਦਾ ਹੈ।

ਇਨ੍ਹਾਂ ਇਲਾਕਿਆਂ ਵਿੱਚ ਖੇਤਾਂ ’ਚ ਟਿਊਬਵੈਲ ਲਗਵਾਉਣ ਲਈ 300 ਤੋਂ ਲੈ ਕੇ 400 ਫ਼ੁੱਟ ਤੱਕ ਡੂੰਘੇ ਬੋਰ ਕੀਤੇ ਜਾਂਦੇ ਹਨ, ਤਦ ਜਾ ਕੇ ਕਿਤੇ ਸਿੰਜਾਈ ਲਈ ਪਾਣੀ ਮੁਹੱਈਆ ਹੁੰਦਾ ਹੈ। ਅਮਰੀਕੀ ਏਜੰਸੀ NASA ਨੇ ਵੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਤੇਜ਼ੀ ਨਾਲ ਘਟਦੇ ਜਾ ਰਹੇ ਪੱਧਰ ਉੱਤੇ ਚਿੰਤਾ ਜਤਾਈ ਹੈ। ਝੋਨੇ ਦੀ ਫ਼ਸਲ ਵੀ ਜ਼ਮੀਨੀ ਪਾਣੀ ਨੂੰ ਵੱਡੇ ਪੱਧਰ ਉੱਤੇ ਖਿੱਚ ਰਹੀ ਹੈ।

ਪਰ ਕਿਸਾਨ ਜੱਥੇਬੰਦੀਆਂ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਇਹ ਪੱਧਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਵਰਤੋਂ ਕਾਰਨ ਘਟ ਰਿਹਾ ਹੈ। ਜਿਕਰਯੋਗ ਹੈ ਕਿ ਪੰਜਾਬ ਤੋਂ ਇਲਾਵਾ ਇਹ ਖਤਰਾ ਦਿੱਲੀ ਤੇ ਨਾਲ ਹੋਰ 21 ਸ਼ਹਿਰਾਂ ‘ਤੇ ਬਣਿਆ ਹੋਇਆ ਹੈ।  ਜੇਕਰ ਇਹੀ ਹਾਲ ਰਹੇ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਪਿਆਸ ਬੁਝਾਉਣ ਨੂੰ ਵੀ ਪਾਣੀ ਨਸੀਬ ਨਹੀਂ ਹੋਵੇਗਾ।