ਪੰਜਾਬ ‘ਚ ਇਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਸੂਬੇ ਦੀਆਂ ਕਈ ਥਾਂਵਾਂ ‘ਤੇ ਦੁਪਹਿਰ ਬਾਅਦ ਅਚਾਨਕ ਕਾਲੇ ਬੱਦਲ ਛਾ ਗਏ ਅਤੇ ਤੇਜ਼ ਬਰਸਾਤ ਸ਼ੁਰੂ ਹੋ ਗਈ ਹੈ।ਉਥੇ ਹੀ ਲੁਧਿਆਣਾ , ਨਵਾਂਸ਼ਹਿਰ ,ਨਾਭਾ ਵਿੱਚ ਮੌਸਮ ਨੇ ਆਪਣਾ ਰੰਗ ਬਦਲ ਲਿਆ ,ਜਿਸ ਕਰਕੇ ਅਚਾਨਕ ਮੀਂਹ ਆ ਗਿਆ ਹੈ।

ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਵਲੋਂ ਪਹਿਲਾਂ ਹੀ ਅਗਲੇ 48 ਘੰਟਿਆਂ ‘ਚ ਬਾਰਿਸ਼ ਤੇ ਹਨੇਰੀ ਦੀ ਗੱਲ ਕਹਿ ਗਈ ਸੀ।  ਪੰਜਾਬ ‘ਚ ਪਏ ਮੀਂਹ ਕਾਰਨ ਜਨ-ਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।ਇਸ ਮੀਂਹ ਕਾਰਨ ਸਕੂਲੀ ਬੱਚਿਆਂ ਅਤੇ ਕੰਮਾਂ ਕਾਰਾਂ ਉਤੇ ਜਾਣ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।

ਪੰਜਾਬ ਮੌਸਮ ਵਿਭਾਗ ਨੇ ਸੂਬੇ ਦੇ ਸਾਰੇ ਖੇਤੀਬਾੜੀ ਅਫ਼ਸਰਾਂ ਨੂੰ ਆਉਣ ਵਾਲੇ 48 ਘੰਟਿਆਂ ਵਿੱਚ ਪੰਜਾਬ ਦੇ ਦੱਖਣ-ਪੱਛਮੀ ਇਲਾਕਿਆਂ ਵਿੱਚ ਤੂਫ਼ਾਨ ਤੇ ਤੇਜ਼ ਹਵਾਵਾਂ ਚੱਲਣ ਦੇ ਮੱਦੇਨਜ਼ਰ ਮੰਡੀਆਂ ਵਿੱਚ ਕਣਕ ਦੀ ਫ਼ਸਲ ਸਾਂਭਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਮੌਸਮ ਖ਼ਰਾਬ ਹੋਣ ਕਰਕੇ ਕਿਸਾਨ ਫਸਲ ਦੀ ਸਾਂਭ-ਸੰਭਾਲ ਸਬੰਧੀ ਚਿੰਤਿਤ ਨਜ਼ਰ ਆ ਰਹੇ ਹਨ। ਕਿਸਾਨਾਂ ਲਈ ਵੱਡੀ ਪ੍ਰੇਸ਼ਾਨੀ ਖੜੀ ਹੋ ਗਈ ਹੈ।  ਜਿਕਰਯੋਗ ਹੈ ਕਿ ਇਨ ਦਿਨੀਂ ਭਾਰਤ ਦੇ ਫੈਨੀ ਨਾਂਅ ਦੇ ਤੂਫ਼ਾਨ ਦਾ ਖਤਰਾ ਮੰਡਰਾ ਰਿਹਾ ਹੈ।

ਮੌਸਮ ਡਾਇਰੈਕਟਰ ਜੇ ਪੀ ਗੁਪਤਾ ਨੇ ਇਸ ਹਾਲਤ ਨੂੰ ਦੇਖਦੇ ਹੋਏ ਕਿਸਾਨਾਂ ਅਤੇ ਭੰਡਾਰ ਗ੍ਰਹਿ ਨੂੰ ਖਾਸ ਤੌਰ ਉਤੇ ਸਲਾਹ ਦਿੱਤੀ ਹੈ ਕਿ ਨਮੀ ਤੇ ਤੇਜ ਹਵਾ ਨਾਲ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਟੀ ਫਸਲ, ਖੁੱਲ੍ਹੇ ਵਿਚ ਰੱਖੇ ਅਨਾਜ ਤੇ  ਖੇਤਾਂ ਵਿਚ ਤਿਆਰ ਖੜੀ ਫਸਲ ਨੂੰ ਕੱਟਕੇ ਸੁਰੱਖਿਅਤ ਰੱਖਣ ਲਈ ਵਿਵਸਥਾ ਕਰਨ।