ਬੇਹੱਦ ਸ਼ਾਤਰ ਬੰਦਾ ਡੀਐਸਪੀ ਦੀ ਵਰਦੀ ਪਾ ਕੇ ਦੋ ਸਾਲ ਤੋਂ ਪੰਜਾਬ ਪੁਲਿਸ ਦੀਆਂ ਹੀ ਅੱਖਾਂ ਵਿੱਚ ਸ਼ਰੇਆਮ ਘੱਟਾ ਪਾ ਰਿਹਾ ਸੀ। ਹੋਰ ਤਾਂ ਹੋਰ ਇਸ ਨਕਲੀ ਡੀਐਸਪੀ ਨੂੰ ਬਾਡੀਗਾਰਡ ਵੀ ਮਿਲੇ ਹੋਏ ਸੀ ਤੇ ਹੇਠਲੇ ਮੁਲਾਜ਼ਮ ਖੜ੍ਹੇ ਹੋ ਕੇ ਸਲਿਊਟ ਠੋਕਦੇ ਸੀ। ਉਹ ਥਾਣਿਆਂ ਦੀ ਚੈਕਿੰਗ ਵੀ ਕਰਦਾ ਸੀ ਤੇ ਨਾਕੇ ਵੀ ਲਾਉਂਦਾ ਸੀ।

ਅੰਮ੍ਰਿਤਸਰ ਦੇ ਇਸ ਸ਼ਖਸ ਨੇ ਚਾਲਬਾਜ਼ੀ ਨਾਲ ਹੀ ਇੰਸਪੈਕਟਰ ਰੈਂਕ ਦੀ ਮਹਿਲਾ ਨਾਲ ਵਿਆਹ ਕਰਵਾ ਲਿਆ। ਹੁਣ ਪਤਨੀ ਨੇ ਹੀ ਪਤੀ ਦਾ ਭਾਂਡਾ ਭੰਨ੍ਹਿਆ ਹੈ। ਵਿਆਹ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਸਸਪੈਂਡ ਹੋ ਗਿਆ ਹੈ। ਪਤਨੀ ਨੇ ਕਿਸੇ ਅਫਸਰ ਨਾਲ ਗੱਲ ਕਰਨ ਲਈ ਕਿਹਾ ਤਾਂ ਉਹ ਬਹਾਨੇ ਬਣਾਉਣ ਲੱਗਾ।

ਇਸ ਤੋਂ ਸ਼ੱਕ ਹੋ ਗਿਆ ਤੇ ਅਸਲੀਅਤ ਸਾਹਮਣੇ ਆ ਗਈ।ਜਲੰਧਰ (ਦਿਹਾਤੀ) ਪੁਲਿਸ ਜ਼ਿਲ੍ਹੇ ਵਿੱਚ ਸਰਗਰਮ ਰਹੇ ਮੋਹਿਤ ਅਰੋੜਾ ਨਾਮ ਦੇ ਸ਼ਖ਼ਸ ਹੁਣ ਰੋਪੜ ਪੁਲਿਸ ਦੇ ਕਾਬੂ ਆ ਗਿਆ ਹੈ। ਪੁਲਿਸ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੋਹਿਤ ਅਰੋੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ।

ਪੁਲਿਸ ਨੂੰ ਇਸ ਨੇ ਆਪਣਾ ਨਾਂ ਵਿਕਰਮਜੀਤ ਸਿੰਘ ਮਾਨ ਦੱਸਿਆ ਸੀ। ਇਸ ਨਕਲੀ ਡੀਐਸਪੀ ਨੂੰ ਪੰਜਾਬ ਪੁਲਿਸ ਨੇ ਦੋ ਗੰਨਮੈਨ ਵੀ ਦਿੱਤੇ ਹੋਏ ਸੀ। ਉਹ ਬੀਏ ਫੇਲ੍ਹ ਹੈ ਤੇ ਘਰੋਂ ਵੀ ਕੱਢਿਆ ਹੋਇਆ ਹੈ।

ਮੋਹਿਤ ਦੇ ਨਕਲੀ ਪੁਲਿਸ ਅਫ਼ਸਰ ਹੋਣ ਦਾ ਸ਼ੱਕ ਉਸ ਦੀ ਸਬ ਇੰਸਪੈਕਟਰ ਪਤਨੀ ਨੂੰ ਉਸ ਸਮੇਂ ਪਿਆ ਜਦੋਂ ਨਾ ਤਾਂ ਉਹ ਦਫ਼ਤਰ ਜਾਂਦਾ ਸੀ  ਤੇ ਨਾ ਹੀ ਕੋਈ ਜੱਦੀ ਪੁਸ਼ਤੀ ਘਰ-ਬਾਰ ਦਾ ਟਿਕਾਣਾ ਦੱਸਦਾ ਸੀ। ਇਸ ਮਗਰੋਂ ਉਸ ਨੇ ਰੋਪੜ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਮੋਹਿਤ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ।