ਡੇਰਾਬੱਸੀ ਦੇ ਨਜ਼ਦੀਕ ਪਿੰਡ ਕਾਰਕੋਰ ਵਿਖੇ ਮੰਗਲਵਾਰ ਸ਼ਾਮੀ ਟਰੈਕਟਰ ਟਰਾਲੀ ਹੇਠ ਆਉਣ ਨਾਲ ਇੱਕ ਤਿੰਨ ਸਾਲਾਂ ਬੱਚੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਛਾਣ ਮਨਪ੍ਰੀਤ ਕੌਰ ਪੁੱਤਰੀ ਮੇਘ ਰਾਜ ਵਾਸੀ ਪਿੰਡ ਕਾਰਕੌਰ ਦੇ ਤੌਰ ‘ਤੇ ਹੋਈ ਹੈ। ਪੁਲਿਸ ਨੇ ਟਰੈਕਟਰ ਟਰਾਲੀ ਚਾਲਕ ਦੇ ਖਿਲਾਫ਼ ਮਾਮਲਾ ਦਰਜ ਕਰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਡਿਊਟੀ ਅਫ਼ਸਰ ਏਐਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ 3 ਸਾਲਾ ਮਨਪ੍ਰੀਤ ਕੌਰ ਪਿੰਡ ਦੇ ਗੁਰਦੁਆਰੇ ਵਿਚ ਮੱਥਾ ਟੇਕ ਕੇ ਵਾਪਸ ਪਰਤ ਰਹੀ ਸੀ। ਕਰੀਬ ਪੌਣੇ 7 ਵਜੇ ਪਿੰਡ ਦਾ ਹੀ ਗੁਰਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ ਆਪਣੀ ਟਰੈਕਟਰ ਟਰਾਲੀ ਬੈਕ ਕਰ ਰਿਹਾ ਸੀ। ਟਰਾਲੀ ਬੈਕ ਕਰਨ ਵੇਲੇ ਕਾਹਲੀ ਵਿੱਚ ਡਰਾਈਵਰ ਨੇ ਪਿੱਛੇ ਧਿਆਨ ਨਹੀਂ ਦਿੱਤਾ ।

ਇਸ ਦੌਰਾਨ ਬੱਚੀ ਟਰਾਲੀ ਦੇ ਪਿਛਲੇ ਟਾਇਰ ਥੱਲੇ ਕੁਚਲੀ ਗਈ ।  ਬੱਚੀ ਦਾ ਸਿਰ ਟਾਇਰ ਥੱਲੇ ਆ ਗਿਆ। ਉਸ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਨਰਿੰਦਰ ਕੁਮਾਰ ਮੁਤਾਬਕ ਬੱਚੀ ਦੀ ਲਾਸ਼ ਨੂੰ ਮੰਗਲਵਾਰ ਰਾਤੀ ਡੇਰਾਬਸੀ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਸੀ ‘ਤੇ ਬੁੱਧਵਾਰ ਸਵੇਰੇ ਪੋਸਟਮਾਟਮ ਕਰਨ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।

ਪੁਲਿਸ ਨੇ ਟਰੈਕਟਰ ਟਰਾਲੀ ਕਬਜ਼ੇ ਵਿਚ ਲੈ ਕੇ ਚਾਲਕ ਦੇ ਖਿਲਾਫ਼ 304ਏ, 279ਏ ਆਈਪੀਸੀ ਤਹਿਤ ਮਾਮਲਾ ਦਰਜ ਕਰਕੇ ਚਾਲਕ ਨੂੰ ਗ੍ਰਿਫ਼ਤਾਰ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਟਰੈਕਟਰ ਚਾਲਕ ਫਰਾਰ ਹੈ। ਮਾਸੂਮ ਬੱਚੀ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਬੱਚੀ ਦਾ ਪਿਤਾ ਇੱਕ ਪ੍ਰਾਈਵੇਟ ਫੈਕਟਰੀ ਵਿਚ ਨੌਕਰੀ ਕਰਦਾ ਹੈ ਅਤੇ ਪਰਿਵਾਰ ਵਿਚ ਦੋ ਪੁੱਤਰੀਆਂ ਵਿਚੋਂ ਮਨਪ੍ਰੀਤ ਛੋਟੀ ਸੀ।