ਪੂਰੇ ਉੱਤਰ ਭਾਰਤ ‘ਚ ਮੌਸਮ ਇਕ ਵਾਰ ਫਿਰ ਬਦਲ ਸਕਦਾ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਦਰਅਸਲ ਮੌਸਮ ‘ਚ ਸੰਭਾਵਿਤ ਬਦਲਾਅ ਦੇ ਕਾਰਨ ਉੱਤਰ ਭਾਰਤ ਦੇ ਪ੍ਰਮੁੱਖ ਸੂਬਿਆਂ ‘ਚ ਸ਼ੁਮਾਰ ਉੱਤਰ ਪ੍ਰਦੇਸ਼, ਰਾਜਸਥਾਨ, ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਧੂੜ ਭਰੀਆਂ ਹਨੇਰੀਆਂ ਆ ਸਕਦੀਆਂ ਹਨ। ਇਹ ਜਾਣਕਾਰੀ ਭਾਰਤੀ ਮੌਸਮ ਵਿਭਾਗ ਨੇ ਆਪਣੇ ਪੂਰਵ ਅਨੁਮਾਨ ‘ਚ ਦਿੱਤੀ ਹੈ।

ਮੌਸਮ ਵਿਭਾਗ ਮੁਤਾਬਕ ਹਿੰਦ ਮਹਾਸਾਗਰ ‘ਚ ਹਵਾ ਦੇ ਘੱਟ ਦਬਾਅ ਅਤੇ ਪੱਛਮੀ ਖਾੜੀ ਦੇ ਦੱਖਣੀ ਇਲਾਕੇ ‘ਚ ਉੱਠੇ ਤੂਫ਼ਾਨ ਕਾਰਨ ਤੇਜ਼ੀ ਨਾਲ ਵਾਤਾਵਰਨ ‘ਚ ਬਦਲਾਅ ਆਵੇਗਾ। ਇਸ ਨਾਲ 65 ਕਿਮੀ ਤੱਕ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਇਸ ਨਾਲ ਨਾ ਸਿਰਫ਼ ਲਾਗੇ ਦੇ ਸੂਬਿਆਂ ਬਲਕਿ ਉੱਤਰੀ ਭਾਰਤ ਵੀ ਪ੍ਰਭਾਵਿਤ ਹੋਵੇਗਾ।

ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਅਤੇ ਯੂਪੀ ਰਾਜਸਥਾਨ ‘ਚ ਧੂੜ ਭਰੀਆਂ ਹਨੇਰੀਆਂ ਚੱਲਣਗੀਆਂ। ਕੁਝ ਖੇਤਰਾਂ ‘ਚ ਬੱਦਲ ਗਰਜ ਸਕਦੇ ਹਨ ਤੇ ਬਾਰਸ਼ ਵੀ ਹੋ ਸਕਦੀ ਹੈ। ਇਹੀ ਨਹੀਂ ਬੰਗਾਲ ਦੀ ਖਾੜੀ ਦੇ ਦੱਖਣੀ ਪੂਰਬੀ ਖੇਤਰ ‘ਚ ਬਣੇ ਘੱਟ ਦਬਾਅ ਕਾਰਨ ਫੇਨੀ ਨਾਂ ਦਾ ਚੱਕਰਵਾਤੀ ਤੂਫ਼ਾਨ ਸਰਗਰਮ ਰੂਪ ਲੈ ਰਿਹਾ ਹੈ।

ਇਹ ਤੂਫ਼ਾਨ ਸੂਬੇ ਦੇ ਤੱਟਵਰਤੀ ਇਲਾਕਿਆਂ ਲਈ ਤਬਾਹੀ ਦਾ ਕਾਰਨ ਬਣ ਸਕਦਾ ਹੈ। ਖੇਤਰੀ ਮੌਸਮ ਕੇਂਦਰ ਨੇ ਸ਼ਨਿਚਰਵਾਰ ਨੂੰ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਨਈ ਤੋਂ ਹਜ਼ਾਰ ਕਿੱਲੋਮੀਟਰ ਦੂਰ ਇਸ ਚੱਕਰਵਾਤੀ ਤੂਫ਼ਾਨ ਦਾ ਕੇਂਦਰ ਹੋਵੇਗਾ, ਅਗਲੇ 24 ਘੰਟਿਆਂ ‘ਚ ਚੱਕਰਵਾਤੀ ਤੂਫ਼ਾਨ ਫੇਨੀ ਭਿਅੰਕਰ ਰੂਪ ਧਾਰਨ ਕਰ ਲਵੇਗਾ।

ਭਾਰਤੀ ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸ੍ਰੀਲੰਕਾ, ਪੁਡੂਚੇਰੀ, ਤਾਮਿਲਨਾਡੂ ਤੇ ਦੱਖਣੀ ਆਂਧਰ ਪ੍ਰਦੇਸ਼ ਦੇ ਡੂੰਘੇ ਸਮੁੰਦਰ ‘ਚ ਨਾ ਜਾਣ ਦੀ ਸਲਾਹ ਦਿੱਤੀ ਹੈ। ਜੋ ਪਹਿਲਾਂ ਹੀ ਡੂੰਘੇ ਸਮੁੰਦਰ ਵੱਲ ਗਏ ਹਨ ਉਨ੍ਹਾਂ ਨੂੰ ਹਰ ਹਾਲਤ ‘ਚ ਵਾਪਸ ਤੱਟ ‘ਤੇ ਮੁੜਨ ਲਈ ਕਿਹਾ ਗਿਆ ਹੈ।