ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬੀਆਂ ਨੂੰ ਜ਼ਿਮਨੀ ਚੋਣਾਂ ਦਾ ਮੇਲਾ ਵੇਖਣਾ ਪਏਗਾ। ਪੰਜਾਬ ਦੀਆਂ ਪੰਜ ਤੋਂ ਛੇ ਸੀਟਾਂ ‘ਤੇ ਜ਼ਿਮਨੀ ਚੋਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਦੇ ਚਾਰ ਵਿਧਾਇਕ ਦਾਖਾ ਤੋਂ ਐਚਐਸ ਫੂਲਕਾ, ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ, ਜੈਤੋ ਤੋਂ ਮਾਸਟਰ ਬਲਦੇਵ ਸਿੰਘ ਤੇ ਮਾਨਸਾ ਤੋਂ ਨਾਜ਼ਰ ਸਿੰਘ ਮਾਨਸ਼ਾਹੀਆ ਅਸਤੀਫਾ ਦੇ ਚੁੱਕੇ ਹਨ। ਇਨ੍ਹਾਂ ਸੀਟਾਂ ‘ਤੇ ਚੋਣਾਂ ਹੋਣੀਆਂ ਪੱਕੀਆਂ ਹਨ।

ਇਸ ਤੋਂ ਇਲਾਵਾ ਪੰਜਾਬ ਦੇ ਨੌਂ ਵਿਧਾਇਕ ਲੋਕ ਸਭਾ ਚੋਣਾਂ ਲੜ ਰਹੇ ਹਨ। ਇਨ੍ਹਾਂ ਵਿੱਚੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਚੱਬੇਵਾਲ ਦੇ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਤੇ ਫਗਵਾੜਾ ਤੋਂ ਬੀਜੇਪੀ ਵਿਧਾਇਕ ਸੋਮ ਪ੍ਰਕਾਸ਼ ਆਹਮੋ-ਸਾਹਮਣੇ ਹਨ। ਇਸ ਲਈ ਜਿੱਤੇ ਭਾਵੇਂ ਕੋਈ ਜ਼ਿਮਨੀ ਚੋਣ ਪੱਕੀ ਹੈ।

ਪੰਜਾਬ ਦੇ ਅਹਿਮ ਹਲਕੇ ਬਠਿੰਡੇ ਤੋਂ ਤਿੰਨ ਵਿਧਾਇਕ ਮੈਦਾਨ ਵਿੱਚ ਹਨ। ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਸੰਸਦ ਮੈਂਬਰ ਹਰਸਿਮਰਤ ਖਿਲਾਫ ਤਿੰਨ ਵਿਧਾਇਕ ਡਟੇ ਹਨ। ਇੱਥੋਂ ਤਲਵੰਡੀ ਸਾਬੋ ਤੋਂ ‘ਆਪ’ ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ,

ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਭੁਲੱਥ ਤੋਂ ‘ਆਪ’ ਨੂੰ ਅਲਵਿਦਾ ਕਹਿ ਚੁੱਕੇ ਵਿਧਾਇਕ ਸੁਖਪਾਲ ਖਹਿਰਾ ਵਿੱਚੋਂ ਜੇਕਰ ਕੋਈ ਜਿੱਤਦਾ ਹੈ ਤਾਂ ਇਨ੍ਹਾਂ ਦੇ ਵਿਧਾਨ ਸਭਾ ਹਲਕਿਆਂ ਵਿੱਚ ਜ਼ਿਮਨੀ ਚੋਣ ਹੋ ਸਕਦੀ ਹੈ।

ਇਸ ਤੋਂ ਇਲਾਵਾ ਜਲਾਲਾਬਾਦ ਤੋਂ ਅਕਾਲੀ ਵਿਧਾਇਕ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਹਨ। ਜੇਕਰ ਉਹ ਜਿੱਤਦੇ ਹਨ ਤਾਂ ਜ਼ਿਮਨੀ ਚੋਣ ਹੋ ਸਕਦੀ ਹੈ। ਲੋਕ ਇਨਸਾਫ਼ ਪਾਰਟੀ ਦੇ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਲੁਧਿਆਣਾ ਤੋਂ ਚੋਣ ਲੜ ਰਹੇ ਹਨ। ਜਿੰਨੇ ਵੀ ਵਿਧਾਇਕ ਲੋਕ ਸਭਾ ਮੈਂਬਰ ਬਣਦੇ ਹਨ, ਓਨੀਆਂ ਵਿਧਾਨ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣਗੀਆਂ।