ਗੈਰ ਸਿਫਾਰਸ਼ ਸ਼ੁਦਾ ਕਿਸਮਾਂ ਦੀ ਕਾਸਤ ਨਾਲ ਜਿਥੇ ਪੈਦਾਵਾਰ ਘੱਟ ਮਿਲਦੀ ਹੈ, ਉਥੇ ਕਈ ਵਾਰ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਣ ਤੇ,ਕਿਸਾਨਾਂ ਨੂੰ ਇਨਾਂ ਬਿਮਾਰੀਆ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆ ਦਵਾਈਆਂ ਤੇ ਹੋਏ ਖਰਚੇ ਕਾਰਨ ਵਾਧੂ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਲਈ ਸਿਰਫ ਹੇਠਾਂ ਲਿਖੀਆਂ ਕਿਸਮਾਂ ਜੋ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਿਫਾਰਸ਼ ਸ਼ੁਦਾ ਹਨ ਦੀ ਕਾਸ਼ਤ ਕਰਨੀ ਚਾਹੀਦੀ ਹੈ ।

ਪੀ ਆਰ 126 (2016):

ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਇਸ ਸਾਲ ਝੋਨੇ ਦੇ ਸੀਜ਼ਨ ਲਈ ਪਰਮਲ ਝੋਨੇ ਦੀ ਪੀ.ਆਰ.126 ਕਿਸਮ ਤਿਆਰ ਕੀਤੀ ਹੈ ,ਜੋ ਬਾਕੀ ਕਿਸਮਾਂ ਨਾਲੋਂ ਪੱਕਣ ‘ਚ ਦਸ ਦਿਨ ਘੱਟ ਲਵੇਗੀ ਅਤੇ ਪਾਣੀ ਦੀ ਬੱਚਤ ਹੋਵੇਗੀ ।ਆਮ ਕਿਸਮਾਂ ਨੂੰ ਪੱਕਣ ਲਈ 135 ਤੋਂ 145 ਦਿਨ ਲੈਂਦਿਆਂ ਹਨ ਪਰ ਪੀ.ਆਰ.126 ਕਿਸਮ ਪਨੀਰੀ ਸਮੇਤ ਕੱਟਣ ਤੱਕ ਸਿਰਫ 123 ਦਿਨ ਲਵੇਗੀ।ਪੀ.ਆਰ.126 ਮਧਰੇ ਕੱਦ (102 ਸੈਂਟੀਮੀਟਰ ) ਦੀ ਹੈ ਅਤੇ ਇਸਦਾ ਪ੍ਰਤੀ ਏਕੜ ਝਾੜ 30 ਕੁਇੰਟਲ ਹੈ ।ਇਸਤੋਂ ਇਲਾਵਾ ਇਹ ਪੰਜਾਬ ਵਿੱਚ ਹੋਣ ਵਾਲੀਆਂ 10 ਬਿਮਾਰੀਆਂ ਵਿੱਚ ਵਿਚੋਂ 7 ਤੋਂ ਪੂਰੀ ਤਰਾਂ ਸੁਰਖਿਅਤ ਹੈ ।

ਪੂਸਾ-44

ਝੋਨੇ ਦੀ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਵਿੱਚੋ ਇਕ ਪੂਸਾ-44 ਜੋ ਪੱਕਣ ਨੂੰ ਤਕਰੀਬਨ 160-165 ਦਿਨ ਦਾ ਸਮਾਂ ਲੈਂਦੀ ਹੈ । ਝੋਨੇ ਦੀ ਪੂਸਾ 44 ਕਿਸਮ ਦੀ ਕਾਸ਼ਤ ਨੇ ਅਗੇਤੀ ਲੁਆਈ ਨੂੰ ਉਤਸ਼ਾਹ ਦਿੱਤਾ। ਇਹ ਸੁਭਾਵਿਕ ਹੀ ਹੈ ਜੋ ਕਿਸਮ ਜ਼ਿਆਦਾ ਸਮਾਂ ਲਵੇਗੀ ਉਸਦਾ ਝਾੜ ਜ਼ਿਆਦਾ ਹੋਵੇਗਾ । ਇਸ ਦਾ ਝਾੜ 40 ਕੁਇੰਟਲ ਪ੍ਰਤੀ ਏਕੜ ਹੈ ।ਪੰਜਾਬ ਦੇ ਫਤਿਹਗੜ੍ਹ ਸਾਹਿਬ, ਪਟਿਆਲਾ, ਲੁਧਿਆਣਾ, ਸੰਗਰੂਰ, ਮੋਗਾ, ਬਰਨਾਲਾ ਵਿਚ ਪੂਸਾ-44 ਦੀ ਕਾਸ਼ਤ ਕੀਤੀ ਜਾਂਦੀ ਹੈ। ਇਹ ਕਿਸਮ ਚੰਗੀਂ ਜਮੀਨ ਅਤੇ ਚੰਗੇ ਪਾਣੀ ਵਿਚ ਹੁੰਦੀ ਹੈ ।

ਪੀ ਆਰ 127

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਪਰਮਲ ਝੋਨੇ ਦੀ ਨਵੀਂ ਕਿਸਮ ਪੀ.ਆਰ. 127 ਵਿਕਸਤ ਕੀਤੀ ਗਈ ਹੈ। ਇਹ ਕਿਸਮ ਪੂਸਾ 44 ਅਤੇ ਅਫ਼ਰੀਕਨ ਝੋਨੇ ਦੇ ਮੇਲ ਤੋਂ ਤਿਆਰ ਕੀਤੀ ਗਈ ਹੈ। ਇਹ ਕਿਸਮ ਪੱਕਣ ਲਈ ਪਨੀਰੀ ਸਮੇਤ ਲਗਭਗ 137 ਦਿਨਾਂ ਦਾ ਸਮਾਂ ਲੈਂਦੀ ਹੈ। ਇਹ ਕਿਸਮ ਪੰਜਾਬ ਵਿਚ ਇਸ ਸਮੇਂ ਪਾਈਆਂ ਜਾਂਦੀਆਂ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ 10 ਜਾਤੀਆਂ ਦਾ ਟਾਕਰਾ ਕਰਨ ਦੇ ਸਮਰੱਥ ਹੈ।  ਇਸ ਕਿਸਮ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਪੂਸਾ 44 ਵਾਂਗ ਇਹ ਕਿਸਮ ਮਾੜੇ ਪਾਣੀਆਂ/ਜ਼ਮੀਨਾਂ ਲਈ ਢੁੱਕਵੀਂ ਨਹੀਂ ਹੈ। 

ਪੀ ਆਰ 124 (2015):

ਇਹ ਝੋਨੇ ਦੀ ਅਰਧ ਬੌਣੀ ਕਿਸਮ ਹੈ, ਜਿਸ ਦਾ ਪਰਾਲ ਸਖ਼ਤ ਹੁੰਦਾ ਹੈ। ਇਸ ਦੇ ਪੱਤੇ ਖੜ੍ਹਵੇਂ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਸ ਦੀ ਔਸਤਨ ਉਚਾਈ 107 ਸੈਂਟੀਮੀਟਰ ਹੈ। ਇਹ ਕਿਸਮ ਬਿਜਾਈ ਤੋਂ 135 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਅਤੇ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦੀ ਪਨੀਰੀ 25 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ 123 (2014):

ਇਹ ਝੋਨੇ ਦੀ ਅਰਧਬੌਣੀ, ਸਖਤ ਪਰਾਲ, ਗੂੜ੍ਹੇ ਹਰੇ ਅਤੇ ਸਿੱਧੇ ਪੱਤਿਆਂਵਾਲੀ ਕਿਸਮ ਹੈ। ਇਸ ਦਾ ਔਸਤਨ ਕੱਦ 105 ਸੈਂਟੀਮੀਟਰ ਹੁੰਦਾ ਹੈ। ਇਹ ਬੀਜਣ ਉਪਰੰਤ 143 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਅਤੇ ਚਮਕਦਾਰ ਹੁੰਦੇ ਹਨ ਜੋ ਪਕਾਉਣ ਲਈ ਬਹੁਤ ਵਧੀਆ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਪੰਜਾਬ ਅੰਦਰ ਪਾਈਆਂ ਜਾਂਦੀਆਂ ਸਾਰੀਆਂ 10 ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 29.0 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ 122 (2013):

ਇਹ ਝੋਨੇ ਦੀ ਅਰਧ ਬੌਣੀ ਕਿਸਮ ਹੈ। ਜਿਸ ਦਾ ਪਰਾਲ ਸਖ਼ਤ ਹੁੰਦਾ ਹੈ। ਇਸ ਦੇ ਪੱਤੇ ਖੜ੍ਹਵੇਂ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਸ ਦੀ ਔਸਤਨ ਉਚਾਈ 108 ਸੈਂਟੀਮੀਟਰ ਹੈ। ਇਹ ਕਿਸਮ ਬਿਜਾਈ ਤੋਂ 147 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਅਤੇ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ । ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ 121 (2013):

ਇਹ ਝੋਨੇ ਦੀ ਮਧਰੇ ਕੱਦ ਦੀ ਕਿਸਮ ਹੈ, ਜਿਸਦਾ ਪਰਾਲ ਸਖ਼ਤ ਹੁੰਦਾ ਹੈ, ਜਿਸ ਕਰਕੇ ਇਹ ਕਿਸਮ ਡਿੱਗਦੀ ਨਹੀਂ। ਇਸ ਦੇ ਪੱਤੇ ਖੜ੍ਹਵੇ ਹੁੰਦੇ ਹਨ, ਜਿਨ੍ਹਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਸ ਦੀ ਔਸਤਨ ਉਚਾਈ 98 ਸੈਂਟੀਮੀਟਰ ਹੈ। ਇਹ ਕਿਸਮ ਬਿਜਾਈ ਤੋਂ 140 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਅਤੇ ਪਕਾਉਣ ਵਿੱਚ ਵਧੀਆ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ ਦਸ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ 118 (2003):

ਇਹ ਝੋਨੇ ਦੀ ਅਰਧ ਬੌਣੀ ਕਿਸਮ ਹੈ। ਇਸ ਦੇ ਪੱਤੇ ਗੂੜ੍ਹੇ ਹਰੇ ਅਤੇ ਖੜ੍ਹਵੇਂ ਹੁੰਦੇ ਹਨ। ਇਸ ਦਾ ਔਸਤਨ ਕੱਦ 104 ਸੈਂਟੀਮੀਟਰ ਹੁੰਦਾ ਹੈ। ਇਹ ਬੀਜਣ ਉਪਰੰਤ 158 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਪਤਲੇ ਅਤੇ ਪਕਾਉਣ ਲਈ ਵਧੀਆ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਕੁਝ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 29 ਕੁਇੰਟਲ ਪ੍ਰਤੀ ਏਕੜ ਹੈ।

ਪੀ ਆਰ 114 (1999):

ਇਹ ਝੋਨੇ ਦੀ ਅਰਧ ਬੌਣੀ ਕਿਸਮ ਹੈ, ਜਿਸ ਦੇ ਪੱਤੇ ਘੱਟ ਚੌੜੇ, ਖੜ੍ਹਵੇਂ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਕੱਦ 102 ਸੈਂਟੀਮੀਟਰ ਹੁੰਦਾ ਹੈ। ਇਹ ਬੀਜਣ ਉਪਰੰਤ ਤਕਰੀਬਨ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਅਤੇ ਪੱਕਣ ਉਪਰੰਤ ਖਾਣ ਵਿੱਚ ਬਹੁਤ ਸੁਆਦੀ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਂਦੀਆਂ ਕੁਝ ਕਿਸਮਾਂ ਦੇ ਹਮਲੇ ਦਾ ਟਾਕਰਾ ਕਰ ਸਕਦੀ ਹੈ। ਇਹ ਕਿਸਮ ਚਿੱਟੀ ਪਿੱਠ ਵਾਲੇ ਟਿੱਡੇ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔਸਤ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ।

ਬੀ. ਆਰ. 105 

ਝੋਨੇ ਦੀ ਨਵੀਂ ਕਿਸਮ ਬੀ. ਆਰ. 105 ਲਿਆਂਦੀ ਜਾ ਰਹੀ ਹੈ, ਇਹ ਕਿਸਮ ਪੂਸਾ-44 ਤੋਂ 5 ਤੋਂ 7 ਦਿਨ ਪਹਿਲਾਂ ਪਕਦੀ ਹੈ। ਇਹ ਕਿਸਮ ਹਰ ਤਰ੍ਹਾਂ ਦੀ ਜ਼ਮੀਨ ਤੇ ਹਰ ਤਰ੍ਹਾਂ ਦੇ ਪਾਣੀ ਵਿਚ ਹੋ ਸਕਦੀ ਹੈ। ਇਸ ਕਿਸਮ ਤੇ ਪੂਸਾ-44 ਦੇ ਮੁਕਾਬਲੇ ਖਰਚਾ ਵੀ ਬਹੁਤ ਘੱਟ ਆਉਂਦਾ ਹੈ। ਇਸ ਦਾ ਕੱਦ 105 ਸੈ. ਮੀ. ਤੱਕ ਹੁੰਦਾ ਹੈ। ਇਸ ਦਾ ਤਣਾ ਮਜ਼ਬੂਤ ਹੋਣ ਕਰਕੇ ਇਹ ਕਿਸਮ ਡਿਗਦੀ ਨਹੀਂ। ਇਸ ਦਾ ਫੁਟਾਰਾ ਬਹੁਤ ਹੁੰਦਾ ਹੈ। ਪਿਛਲੇ ਸਾਲ ਇਸ ਕਿਸਮ ਦਾ ਝਾੜ 32 ਤੋਂ ਲੈ ਕੇ 38 ਕੁਇੰਟਲ ਪ੍ਰਤੀ ਏਕੜ ਤੱਕ ਨਿਕਲਿਆ ਹੈ।