ਕਿਸਾਨੀ ਸਮੱਸਿਆਵਾਂ ਵਿੱਚ ਵਿਸ਼ੇਸ਼ ਤੌਰ ’ਤੇ ਝੋਨੇ ਦੀ ਹੱਥੀਂ ਲੁਆਈ ਪੂਰਬੀ ਮਜ਼ਦੂਰਾਂ ਤੋਂ ਬਿਨਾਂ ਹੋਣੀ ਬਹੁਤ ਮੁਸ਼ਕਿਲ ਜਾਪਦੀ ਹੈ। ਇਸ ਦਾ ਹੱਲ ਕਰਨ ਲਈ ਪੰਜਾਬ ਦੇ ਖੇਤੀ ਵਿਗਿਆਨੀਆਂ ਨੇ ਮਸ਼ੀਨਰੀ ਨੂੰ ਇੱਕ ਬਦਲ ਵਜੋਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪਿਛਲੇ ਕੁਝ ਸਾਲਾਂ ਵਿੱਚ ਝੋਨੇ ਦੀ ਲੁਆਈ ਲਈ ਕੁਝ ਮਸ਼ੀਨਾਂ ਵਿਕਸਿਤ ਕੀਤੀਆਂ ਹਨ।

ਇਹ ਮਸ਼ੀਨਾਂ 2008 ਤੋਂ ਸਬਸਿਡੀ ’ਤੇ ਵੀ ਮਿਲ ਰਹੀਆਂ ਹਨ। ਇਨ੍ਹਾਂ ਵਿੱਚ ਵਿਸ਼ੇਸ਼ ਤੌਰ ’ਤੇ ਪੈਡੀ ਟਰਾਂਸਪਲਾਂਟਰ ਮਸ਼ੀਨਾਂ ਆਉਂਦੀਆਂ ਹਨ। ਇਸ ਸਮੇਂ ਪੰਜਾਬ ਵਿੱਚ 650 ਦੇ ਕਰੀਬ ਪੈਡੀ ਟਰਾਂਸਪਲਾਂਟਰ ਹਨ। ਇਨ੍ਹਾਂ ਟਰਾਂਸਪਲਾਂਟਰਾਂ ਦੁਆਰਾ 2012 ਵਿੱਚ 7200 ਏਕੜ ਰਕਬੇ ਉਪਰ ਝੋਨੇ ਦੀ ਲੁਆਈ ਕੀਤੀ ਗਈ ਸੀ ਜੋ 2017 ਵਿੱਚ ਵਧ ਕੇ ਕਰੀਬਨ 8000 ਏਕੜ ਹੋ ਗਈ।

ਭਾਵੇਂ ਇਹ ਮਸ਼ੀਨਾਂ ਦੀ ਕੀਮਤ ਜ਼ਿਆਦਾ ਹੈ ਪਰ ਮੌਜੂਦਾ ਹਾਲਾਤ ਵਿੱਚ ਕਿਸਾਨ ਪੈਡੀ ਟਰਾਂਸਪਲਾਂਟਰ ਨੂੰ ਸਾਂਝੇ ਤੌਰ ’ਤੇ ਖ਼ਰੀਦ ਕੇ ਜਾਂ ਕਿਰਾਏ ’ਤੇ ਬਿਜਾਈ ਕਰਾ ਕੇ ਲੇਬਰ ਦੀ ਘਾਟ ਦਾ ਹੱਲ ਕੱਢ ਸਕਦੇ ਹਨ। ਇਸ ਤਰ੍ਹਾਂ ਪਿੰਡਾਂ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਆਸਾਰ ਵੀ ਬਣਦੇ ਹਨ। ਸਾਂਝੇ ਤੌਰ ’ਤੇ ਇਨ੍ਹਾਂ ਮਸ਼ੀਨਾਂ ਦੀ ਖ਼ਰੀਦ ਨਾਲ ਦਰਮਿਆਨੇ ਅਤੇ ਛੋਟੇ ਕਿਸਾਨ ਬਿਨਾਂ ਸ਼ੱਕ ਲਾਭ ਦੀ ਸਥਿਤੀ ਵਿੱਚ ਰਹਿਣਗੇ।

ਜੇ ਇਹ ਮਸ਼ੀਨਾਂ ਆਪਣੀ ਪੂਰੀ ਸਮਰੱਥਾ ਨਾਲ ਚੱਲਣ ਤਾਂ ਦੋ-ਤਿੰਨ ਸਾਲਾਂ ਵਿੱਚ ਆਪਣੀ ਕੀਮਤ ਪੂਰੀ ਕਰ ਦਿੰਦੀਆਂ ਹਨ। ਇਨ੍ਹਾਂ ਮਸ਼ੀਨਾਂ ਦੀ ਕਾਰਜ ਸਮਰੱਥਾ ਵੀ ਤਸੱਲੀਬਖਸ਼ ਹੈ। ਇੱਕ ਪਹੀਆ ਮਸ਼ੀਨ ਨਾਲ ਇੱਕ ਦਿਨ ਵਿੱਚ ਢਾਈ ਤੋਂ ਤਿੰਨ ਏਕੜ, ਪਿੱਛੇ ਤੁਰਨ ਵਾਲੀ ਮਸ਼ੀਨ ਨਾਲ ਇੱਕ ਦਿਨ ਵਿੱਚ ਤਿੰਨ ਤੋਂ ਚਾਰ ਏਕੜ ਅਤੇ ਚਾਰ ਪਹੀਆ ਪੈਡੀ ਟਰਾਂਸਪਲਾਂਟਰ ਨਾਲ ਇੱਕ ਦਿਨ ਵਿੱਚ ਕਰੀਬ 10 ਏਕੜ ਝੋਨਾ ਲਗਾਇਆ ਜਾ ਸਕਦਾ ਹੈ।

ਇਹ ਮਸ਼ੀਨਾਂ ਮੈਟ ਟਾਈਪ ਪਨੀਰੀ ਨਾਲ ਹੀ ਠੀਕ ਤਰ੍ਹਾਂ ਕਾਰਜ ਕਰਦੀਆਂ ਹਨ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਕੁਝ ਉਤਸ਼ਾਹੀ ਕਿਸਾਨਾਂ ਨੇ ਮੈਟ ਟਾਈਪ ਪਨੀਰੀ ਉਗਾ ਕੇ ਉਸ ਨੂੰ ਵੇਚਣ ਨੂੰ ਇੱਕ ਕਿੱਤੇ ਵਾਂਗ ਵਿਕਸਿਤ ਕੀਤਾ ਹੈ। ਯੂਨੀਵਰਸਿਟੀ ਦੇ ਮਾਹਿਰਾਂ ਅਨੁਸਾਰ ਪਿੱਛੇ ਤੁਰਨ ਵਾਲੀ ਮਸ਼ੀਨ 78 ਫ਼ੀਸਦੀ ਅਤੇ ਚਾਰ ਪਹੀਆ ਟਰਾਂਸਪਲਾਂਟਿੰਗ ਮਸ਼ੀਨ 85 ਫ਼ੀਸਦੀ ਘੱਟ ਲੇਬਰ ਨਾਲ ਵੀ ਕੰਮ ਕਰ ਸਕਦੀ ਹੈ।

ਮਸ਼ੀਨੀਕਰਨ ਸਾਡੇ ਸਮਿਆਂ ਦਾ ਸੱਚ ਹੈ। ਇਹ ਵੀ ਸੱਚ ਹੈ ਕਿ ਵਿਕਸਿਤ ਖੇਤੀ, ਵਿਕਸਿਤ ਮਸ਼ੀਨਾਂ ਨਾਲ ਸੁਮੇਲ ਪਿੱਛੋਂ ਹੀ ਸੰਭਵ ਹੁੰਦੀ ਹੈ। ਪੰਜਾਬ ਦੇ ਕਿਸਾਨਾਂ ਨੂੰ ਇਨ੍ਹਾਂ ਮਸ਼ੀਨਾਂ ਨੂੰ ਹੋਰ ਖੁੱਲ੍ਹਦਿਲੀ ਨਾਲ ਅਪਣਾਉਣਾ ਪਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਮਜ਼ਦੂਰੀ ਦੀ ਘਾਟ ਦੇ ਬਾਵਜੂਦ ਉਨ੍ਹਾਂ ਦੀ ਉਪਜ ਵਿੱਚ ਕਿਸੇ ਕਿਸਮ ਦੀ ਘਾਟ ਨਾ ਆਵੇ।