ਭਾਵੇ ਤਹਾਨੂੰ ਵਾਹੀ ਕਰਦੇ ਹੋਏ ਬਹੁਤ ਸਾਲ ਹੋ ਗਏ ਹਨ ਪਰ ਕਈ ਵਾਰ ਕੁਝ ਅਜਿਹੀਆਂ ਗੱਲਾਂ ਹੁੰਦੀਆਂ ਹਨ ਜੋ ਬਹੁਤ ਘੱਟ ਕਿਸਾਨਾਂ ਨੂੰ ਪਤਾ ਹੁੰਦੀਆਂ ਹਨ, ਅੱਜ ਅਸੀਂ ਤਹਾਨੂੰ ਕੁਝ ਅਜਿਹੀਆਂ ਗੱਲਾਂ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ।

ਗਰਮੀ ਰੁੱਤ ਦੀ ਵਹਾਈ ਜਾਂ ਜਮੀਨ ਨੂੰ ਸੁੱਕਾ ਵਾਹੁਣਾ :

ਆਮ ਤੌਰ ਤੇ ਹੀ ਕਿਸਾਨ ਵੀਰ ਕਣਕ ਵੱਢਣ ਤੋਂ ਬਾਅਦ ਜਮੀਨ ਨੂੰ ਵਾਹ ਕੇ ਛੱਡ ਦਿੰਦੇ ਹਨ ਅਤੇ ਜੇਕਰ ਅਸੀਂ ਮੂੰਗੀ ਜਾਂ ਜੰਤਰ ਹਰੀ ਖਾਦ ਲਾਉਂਦੇ ਹਾਂ ਤਾਂ ਬਹੁਤ ਵਧੀਆ ਗੱਲ ਹੈ ਪਰੰਤੂ ਇਸਦੇ ਨਾਲ ਨਾਲ ਸਾਨੂੰ ਦੋਹੀਂ-ਤਿੰਨੀ ਸਾਲੀਂ ਇਕ ਵਾਰ ਜਰੂਰ ਜਮੀਨ ਨੂੰ ਸੁੱਕਾ ਵਾਹ ਕੇ ਛੱਡਣਾ ਚਾਹੀਦਾ ਹੈ ਜਿਸਦਾ ਕਾਫੀ ਫਾਇਦਾ ਹੁੰਦਾ ਹੈ:

  • ਇਸ ਨਾਲ ਜਮੀਨ ਵਿੱਚ ਪਾਣੀ ਜੀਰਨ ਅਤੇ ਜਮੀਨ ਦੀ ਪਾਣੀ ਜਜਬ ਕਰਕੇ ਰੱਖਣ ਦੀ ਤਾਕਤ ਵਧਦੀ ਹੈ।
  • ਜਦੋਂ ਅਸੀਂ ਜਮੀਨ ਨੂੰ ਖੁੱਲੀ ਰੱਖਣ ਤੋਂ ਬਾਅਦ ਪਾਣੀ ਲਾਉਂਦੇ ਹਾਂ( ਜਿਸਨੂੰ ਕਿਸਾਨ ਵੀਰ ਜਮੀਨ ਠੰਡਾ ਕਰਨਾ ਕਹਿੰਦੇ ਹਨ) ਤਾਂ ਮਿੱਟੀ ਦੀ ਬਣਤਰ (ਸਾਇਲ ਸਟਰਕਚਰ) ਵਿੱਚ ਸੁਧਾਰ ਆਉਂਦਾ ਹੈ ।
  •  ਜਮੀਨ ਹਵਾਦਾਰ ਹੁੰਦੀ ਹੈ; ਜਿਸ ਨਾਲ ਜੈਵਿਕ ਮਾਦੇ ਦੀ ਟੁੱਟਣ (ਡੀਕੰਪੋਜੀਸ਼ਨ) ਦੀ ਕਿਰਿਆ ਤੇਜ ਹੁੰਦੀ ਹੈ ਅਤੇ ਫਸਲ ਨੂੰ ਜਿਆਦਾ ਤੱਤ ਮਿਲਣਯੋਗ ਹੋ ਜਾਂਦੇ ਹਨ ਜਿਸ ਨਾਲ ਝਾੜ ਵਧਦਾ ਹੈ।

  • ਜਮੀਨ ਹਵਾਦਾਰ ਅਤੇ ਤਾਪਮਾਨ ਜਿਆਦਾ ਹੋਣ ਕਰਕੇ ਪਹਿਲਾਂ ਵਰਤੇ ਗਏ ਨਦੀਨਨਾਸ਼ਕ ਅਤੇ ਕੀਟਨਾਸ਼ਕਾਂ ਦੇ ਜਮੀਨ ਵਿੱਚ ਪਏ ਅੰਸ਼ ਕਾਫੀ ਹੱਦ ਤੱਕ ਖਤਮ ਹੋ ਜਾਂਦੇ ਹਨ।
  •  ਜਮੀਨ ਦੀ ਉਪਰਲੀ ਪਰਤ ਥੱਲੇ ਜਾਂ ਜਮੀਨ ਵਿੱਚ ਪਏ ਫਸਲਾਂ ਦੀ ਰਹਿੰਦ ਖੂੰਹਦ ਵਿੱਚ ਪਏ ਕੀੜੇ ਮਕੌੜੇ; ਉਨ੍ਹਾਂ ਦੇ ਆਂਡੇ, ਲਾਰਵੇ, ਪਿਊਪੇ ਸੂਰਜ ਦੀਆਂ ਤੇਜ ਕਿਰਨਾਂ ਦੇ ਸੇਕ ਨਾਲ ਨਸ਼ਟ ਹੋ ਜਾਂਦੇ ਹਨ।
  • ਬਹੁਤ ਸਾਰੇ ਨੁਕਸਾਨਦੇਹ ਬੈਕਟੀਰੀਆ ਅਤੇ ਉੱਲੀਆਂ ਸੂਰਜ ਦੀਆਂ ਤੇਜ ਕਿਰਨਾਂ ਦੇ ਸੇਕ ਨਾਲ ਨਸ਼ਟ ਹੋ ਜਾਂਦੇ ਹਨ।

  • ਜਦੋਂ ਸੁੱਕੀ ਮਿੱਟੀ ਵਾਹੀ ਅਤੇ ਪਲਟੀ ਜਾਂਦੀ ਹੈ ਤਾਂ ਸਾਰੇ ਨਦੀਨਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਹਨ ਅਤੇ ਸੁੱਕ ਕੇ ਨਸ਼ਟ ਹੋ ਜਾਂਦੀਆਂ ਹਨ।
  • ਪੌਦਿਆਂ ਖਾਸ ਕਰ ਪੌਦਿਆਂ ਦੀਆਂ ਜੜ੍ਹਾਂ ਜਿੰਨਾਂ ਵਿੱਚ ਜਿਆਦਾਤਰ ਸਬਜੀਆਂ ਤੇ ਹਮਲਾ ਕਰ ਵਾਲੇ ਨਿਮਾਟੋਡਸ ਜੋ ਕੇ ਬਹੁਤ ਹੀ ਸੂਖਮਜੀਵ ਹਨ ਅਤੇ ਨੰਗੀ ਅੱਖ ਨਾਲ ਨਜਰ ਨਹੀਂ ਆਉਂਦੇ ਜਿੰਨਾਂ ਕਰਕੇ ਸਾਰੀ ਦੀ ਸਾਰੀ ਫਸਲ ਤਬਾਹ ਹੋ ਸਕਦੀ ਹੈ ਕਾਫੀ ਹੱਦ ਤੱਕ ਨਸ਼ਟ ਹੋ ਜਾਂਦੇ ਹਨ ਹਾਲਾਂ ਕਿ ਇਨ੍ਹਾਂ ਨੂੰ ਪੂਰੀ ਤਰਾਂ ਖਤਮ ਕਰਨ ਦੇ ਹੋਰ ਢੰਗ ਹਨ।