ਕਣਕ ਦਾ ਬੀਜ ਰੱਖਣ ਬਾਰੇ ਗੱਲ ਕਰਦਿਆਂ ਪੌਦਾ ਰੋਗ ਵਿਭਾਗ ਦੇ ਮੁਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਪੀ ਏ ਯੂ ਵੱਲੋਂ ਸਿਫਾਰਿਸ਼ ਕੀਤੀਆਂ ਗਈਆਂ ਨਵੀਂਆਂ ਕਿਸਮਾਂ ਖਾਸ ਤੌਰ ਤੇ ਪੀ ਬੀ ਡਬਲਯੂ 677, ਪੀ ਬੀ ਡਬਲਯੂ 725 ਅਤੇ ਐੱਚ ਡੀ 3086, ਪੁਰਾਣੀ ਕਿਸਮ ਐੱਚ ਡੀ 2967 ਤੋਂ 2-3 ਕੁਇੰਟਲ ਵੱਧ ਝਾੜ ਦੇ ਰਹੀਆਂ ਹਨ ।

ਅਗਲੇ ਸਾਲ ਲਈ ਕਣਕ ਦਾ ਬੀਜ ਰੱਖਣ ਵੇਲੇ ਇਸ ਗੱਲ ਦਾ ਜਰੂਰ ਧਿਆਨ ਰੱਖਿਆ ਜਾਵੇ ਕਿ ਇਹਨਾਂ ਕਿਸਮਾਂ ਦਾ ਬੀਜ ਕਰਨਾਲ ਬੰਟ ਤੋਂ ਮੁਕਤ ਹੋਣਾ ਚਾਹੀਦਾ ਹੈ। ਇਸ ਬਿਮਾਰੀ ਦੇ ਹਮਲੇ ਨਾਲ ਕੁਝ ਦਾਣਿਆਂ ਦੀਆਂ ਨੋਕਾਂ ਜਾਂ ਦਾਣਿਆਂ ਦਾ ਕੁਝ ਹਿੱਸਾ ਕਾਲੇ ਧੂੜੇ ਵਿੱਚ ਬਦਲ ਜਾਂਦਾ ਹੈ । ਜੇਕਰ ਅਜਿਹੇ ਦਾਣਿਆਂ ਨੂੰ ਹੱਥ ਵਿੱਚ ਰੱਖ ਕੇ ਮਲਿਆ ਜਾਵੇ ਤਾਂ ਉਨ੍ਹਾਂ ਵਿੱਚੋਂ ਬੜੀ ਭੈੜੀ ਦੁਰਗੰਧ ਆਉਂਦੀ ਹੈ ।

ਕਿਸਾਨ ਵੀਰੋਂ ਅਜਿਹਾ ਬੀਜ ਰੱਖਣ ਨਾਲ ਬਿਮਾਰੀ ਹੋਰ ਵੀ ਵੱਧ ਸਕਦੀ ਹੈ ।ਇਸ ਬਿਮਾਰੀ ਦੇ ਜੀਵਾਣੂੰ ਖੇਤ ਵਿੱਚ 2-3 ਸਾਲ ਤੱਕ ਜਿਊਂਦੇ ਰਹਿੰਦੇ ਹਨ ਜੋ ਸਿੱਟੇ ਨਿਕਲਣ ਵੇਲੇ ਮਿੱਟੀ ਵਿੱਚੋਂ ਜੰਮ ਕੇ ਹਵਾ ਨਾਲ ਉੱਡ ਕੇ ਸਿੱਟਿਆਂ ਵਿੱਚ ਬਣ ਰਹੇ ਦਾਣਿਆਂ ਉੱਤੇ ਬਿਮਾਰੀ ਲਾ ਦਿੰਦੇ ਹਨ ।

ਵਿਭਾਗ ਦੇ ਮੁਖੀ ਡਾ. ਸੇਖੋਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਅਗਾਂਹ ਵਾਧੇ ਨੂੰ ਰੋਕਣ ਲਈ ਬੀਜ ਦੀ ਪਰਖ ਕਰਕੇ ਹੀ ਰੋਗ ਰਹਿਤ ਬੀਜ ਰੱਖਣਾ ਚਾਹੀਦਾ ਹੈ ।ਬੀਜ ਦੀ ਪਰਖ ਲਈ 2 ਮੁੱਠਾਂ ਕਣਕ ਦੇ ਦਾਣਿਆਂ ਨੂੰ ਪਾਣੀ ਵਿੱਚ ਕੁਝ ਮਿੰਟਾਂ ਲਈ ਭਿਉਂ ਲਵੋ ਅਤੇ ਫਿਰ ਬਾਹਰ ਕੱਢ ਕੇ ਚਿੱਟੇ ਕਾਗਜ਼ ਉਤੇ ਖਿਲਾਰ ਲਵੋ।

ਜੇਕਰ ਇਹਨਾਂ ਵਿੱਚ 4-5 ਦਾਣੇ ਭਾਵ ਅੱਧਾ ਪ੍ਰਤੀਸ਼ਤ ਕਰਨਾਲ ਬੰਟ ਵਾਲੇ ਦਾਣੇ ਦਿਖਾਈ ਦੇਣ ਤਾਂ ਅਜਿਹਾ ਬੀਜ ਅਗਲੇ ਸਾਲ ਲਈ ਬਿਲਕੁਲ ਨਾ ਰੱਖੋ । ਉਨ੍ਹਾਂ ਸਪੱਸ਼ਟ ਕੀਤਾ ਕਿ ਨਵੀਂਆਂ ਕਿਸਮਾਂ ਦੇ ਬੀਜ ਨੂੰ ਕਰਨਾਲ ਬੰਟ ਤੋਂ ਮੁਕਤ ਰੱਖਣ ਲਈ ਕਿਸਾਨ ਵੀਰਾਂ ਨੂੰ ਇਹ ਉਪਰਾਲਾ ਕਰਨਾ ਬਹੁਤ ਜ਼ਰੂਰੀ ਹੈ ।