ਲੋਕਸਭਾ ਚੋਣਾਂ ਦਾ ਅਸਰ ਪੰਜਾਬ ‘ਚ ਕਣਕ ਦੀ ਕਟਾਈ ‘ਚ ਵੀ ਪੈ ਸਕਦਾ ਹੈ। ਦਰਅਸਲ ਉੱਤਰ ਪ੍ਰਦੇਸ਼ ਤੇ ਬਿਹਾਰ ‘ਚ ਲੋਕਸਭਾ ਚੋਣਾਂ ਲਈ ਮਜ਼ਦੂਰਾਂ ਦੇ ਵਾਪਸ ਪਰਤਣ ਕਾਰਨ ਕਿਸਾਨਾਂ ਤੇ ਉਦਯੋਗਿਕ ਖੇਤਰਾਂ ਨੂੰ ਮਜ਼ਦੂਰਾਂ ਦੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਕਿਸਾਨਾਂ ਨੂੰ ਡਰ ਪੈਦਾ ਹੋ ਗਿਆ ਹੈ ਕਿ ਕਣਕ ਦੀ ਕਟਾਈ ‘ਚ ਦੇਰ ਨਾ ਹੋ ਜਾਵੇ। ਇਹੀ ਨਹੀਂ ਪੰਜਾਬ ‘ਚ ਮਜ਼ਦੂਰੀ ਵੀ ਵਧਣ ਦੀ ਸੰਭਾਵਨਾ ਪੈਦਾ ਹੋ ਰਹੀ।

ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ‘ਚ ਉਦਯੋਗਿਕ ਖੇਤਰ ਵੀ ਮਜ਼ਦੂਰਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਕਈ ਯੂਨਿਟਾਂ ਨੂੰ ਨਿਰਮਾਣ ‘ਚ ਕਟੌਤੀ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸ ਦਈਏ ਕਿ ਪਿਛਲੇ ਸੀਜ਼ਨ ਦੌਰਾਨ ਪੰਜਾਬ ‘ਚ 4000 ਤੋਂ 4500 ਤੱਕ ਮਜ਼ਦੂਰੀ ਦਿੱਤੀ ਜਾਂਦੀ ਸੀ ਪਰ ਹੁਣ ਇਸ ਵਾਰ ਇਸ ‘ਤੇ 500 ਰੁਪਏ ਤੱਕ ਦਾ ਇਜਾਫਾ ਹੋ ਗਿਆ ਹੈ ਹੁਣ ਇਹ 5000 ਰੁਪਏ ਤੱਕ ਪਹੁੰਚ ਗਈ ਹੈ।

ਬਾਰਿਸ਼ ਕਾਰਨ ਪਹਿਲਾਂ ਹੀ ਕਣਕ ਦੀ ਕਟਾਈ ‘ਚ ਇਕ ਹਫਤੇ ਦੀ ਦੇਰੀ ਹੋ ਚੁਕੀ ਹੈ ਜਿਸ ਕਾਰਨ ਕਿਸਾਨਾਂ ਨੂੰ ਹੁਣ ਸਥਾਨਕ ਮਜ਼ਦੂਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ, ਜੋ ਪ੍ਰਵਾਸੀ ਮਜ਼ਦੂਰਾਂ ਦੀ ਤੁਲਨਾ ‘ਚ ਮਹਿੰਗੇ ਹਨ।
ਜਿਕਰਯੋਗ ਹੈ ਕਿ ਦੇਸ਼ ਭਰ ‘ਚ ਲੋਕਸਭਾ ਚੋਣਾਂ ਦਾ ਆਗਾਜ਼ ਹੋ ਗਿਆ ਹੈ ਤੇ 11 ਅਪ੍ਰੈਲ ਨੂੰ ਪਹਿਲੀ ਚਰਨ ਦੀਆਂ ਚੋਣਾਂ ਹੋਣਗੀਆਂ। ਇਹ ਵੋਟਾਂ 7 ਪੜਾਅ ‘ਚ ਪੈਣਗੀਆਂ।

ਤੁਹਾਨੂੰ ਦੱਸ ਦਈਏ ਕਿ ਸਿਆਸੀ ਪਾਰਟੀਆਂ ਨੂੰ ਰੈਲੀਆਂ ‘ਚ ਭੀੜ ਜੁਟਾਉਣ ਲਈ ਇਨ੍ਹਾਂ ਮਜ਼ਦੂਰਾਂ ਦੀ ਕਾਫੀ ਜ਼ਰੂਰਤ ਹੁੰਦੀ ਹੈ।ਹਾਲਾਂਕਿ ਇਸ ਵਾਰ ਪੰਜਾਬ ਦੀਆਂ ਅਨਾਜ ਮੰਡੀਆਂ ‘ਚ 132 ਲੱਖ ਟਨ ਕਣਕ ਪਹੁੰਚਣ ਦੀ ਸੰਭਾਵਨਾ ਹੈ। ਪਿਛਲੇ ਸਾਲ 128 ਲੱਖ ਟਨ ਕਣਕ ਪੰਜਾਬ ‘ਚ ਖਰੀਦੀ ਗਈ ਸੀ। ਹਾਲਾਂਕਿ ਬੰਪਰ ਫਸਲ ਵਿਚਕਾਰ ਅਨਾਜ ਮੰਡੀਆਂ ‘ਚ ਮਜ਼ਦੂਰਾਂ ਦੀ ਕਮੀ ਕਾਰਨ ਲਿਫਟਿੰਗ ‘ਚ ਰੁਕਾਵਟ ਹੋ ਸਕਦੀ ਹੈ।