ਪੰਜਾਬ ‘ਚ ਮੌਸਮ ਨੇ ਇੱਕ ਵਾਰ ਫਿਰ ਕਰਵਟ ਲੈ ਲਈ ਹੈ। ਜਿਸ ਕਾਰਨ ਪੰਜਾਬ ਦੇ ਕਈ ਇਲਾਕਿਆਂ ‘ਚ ਬਾਰਿਸ਼ ਅਤੇ ਗੜ੍ਹੇਮਾਰੀ ਦੇਖਣ ਨੂੰ ਮਿਲੀ। ਮਿਲੀ ਜਾਣਕਰੀ ਮੁਤਾਬਕ ਪੂਰੇ ਸੂਬੇ ‘ਚ ਬੱਦਲਵਾਈ ਹੋਈ ਪਈ ਅਤੇ ਕਈ ਥਾਵਾਂ ‘ਤੇ ਹਲਕੀ ਬੂੰਦਬਾਦੀ ਵੀ ਹੋਈ।

ਪੰਜਾਬ ਦੇ ਰੋਪੜ ਅਤੇ ਸ੍ਰੀ ਆਨੰਦਪੁਰ ਸਾਹਿਬ ‘ਚ ਭਾਰੀ ਬਾਰਿਸ਼ ਦੇ ਨਾਲ-ਨਾਲ ਗੜ੍ਹੇਮਾਰੀ ਵੀ ਹੋ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲ ਜਾਵੇਗੀ ਪਰ ਇਸ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵੀ ਵਧਾ ਦਿੱਤੀਆਂ ਹਨ।

ਦਰਅਸਲ ਖੇਤਾਂ ‘ਚ ਕਣਕ ਦੀ ਫਸਲ ਪੱਕੀ ਪਈ ਤੇ ਜ਼ਿਆਦਾ ਬਾਰਿਸ਼ ਕਾਰਨ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਾਨਸੂਨ ਤੋਂ ਪਹਿਲਾਂ ਹੀ ਮੌਸਮ ਦਾ ਮਿਜਾਜ਼ ਬਦਲਣਾ ਸ਼ੁਰੂ ਹੋ ਗਿਆ ਹੈ। ਤੇਜ਼ ਚੱਕਰਕਵਾਤੀ ਹਵਾਵਾਂ ਕਾਰਨ ਪੂਰੇ ਦੇਸ਼ ਵਿੱਚ ਮੌਸਮੀ ਗੜਬੜੀ ਦੇਖਣ ਨੂੰ ਮਿਲ ਰਹੀ ਹੈ ਅਤੇ ਪੰਜਾਬ ਸਮੇਤ ਕਈ ਥਾਈਂ ਹਲਕੀ ਬਾਰਿਸ਼ ਹੋ ਸਕਦੀ ਹੈ।

ਪੱਛਮੀ ਗੜਬੜੀਆਂ ਕਾਰਨ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਵਿੱਚ ਧੂੜ ਭਰੀ ਹਨੇਰੀ ਦੇ ਨਾਲ-ਨਾਲ ਕਣੀਆਂ ਪੈ ਸਕਦੀਆਂ ਹਨ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਸੋਮਵਾਰ ਸਵੇਰੇ ਸੰਘਣੇ ਬੱਦਲ ਛਾ ਗਏ ਤੇ ਠੰਢੀਆਂ ਹਵਾਵਾਂ ਵਗਣ ਲੱਗੀਆਂ।

ਇਸ ਦੇ ਨਾਲ ਹੀ ਗਰਜ ਤੇ ਚਮਕ ਦੇ ਨਾਲ ਕਿਣਮਿਣ ਵੀ ਸ਼ੁਰੂ ਹੋ ਗਈ। ਸਕਾਈਮੈਟ ਵੱਲੋਂ ਕੀਤੀ ਮੌਸਮੀ ਭਵਿੱਖਬਾਣੀ ਮੁਤਾਬਕ ਮੌਸਮ ਦਾ ਇਹ ਮਿਜਾਜ਼ ਪੂਰਾ ਹਫ਼ਤਾ ਜਾਰੀ ਰਹਿ ਸਕਦਾ ਹੈ। ਅਜਿਹੇ ਵਿੱਚ ਕਣਕ ਦੀ ਪੱਕੀ ਹੋਈ ਫ਼ਸਲ ਦੀ ਵਾਢੀ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ, ਚੱਕਰਵਾਤੀ ਹਵਾਵਾਂ ਕਾਰਨ ਮੈਦਾਨਾਂ ਦਾ ਤਾਪਮਾਨ ਕਾਬੂ ਵਿੱਚ ਰਹੇਗਾ।